ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਦੇ ਬਾਹਰ 14 ਸਤੰਬਰ ਤੋਂ 328 ਪਾਵਨ ਸਰੂਪਾਂ ਦੇ ਗੁੰਮ ਹੋਣ ਅਤੇ ਬਣਦੀ ਭੇਟਾ ਗਬਨ ਕਰਨ ਦੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਸਤਿਕਾਰ ਕਮੇਟੀਆਂ ਵਲੋਂ ਧਰਨਾ ਲਗਾਇਆ ਗਿਆ ਸੀ। ਇਸ ਧਰਨੇ ਨੂੰ ਉਠਾਉਣ ਲਈ ਪੱਬਾਂ ਭਾਰ ਅਤੇ ਨੀਵੀਂ ਤੋਂ ਨੀਵੀਂ ਹਰਕਤ ਕਰਕੇ ਇਸ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕਰਦਿਆਂ ਆਖਰਕਾਰ ਸ਼੍ਰੋਮਣੀ ਕਮੇਟੀ ਨੇ ਵੱਡੀ ਤਦਾਦ ਵਿਚ ਆਪਣੇ ਮੁਲਾਜ਼ਮਾਂ 'ਤੇ ਇਨ੍ਹਾਂ ਨੂੰ ਹਮਲਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ। ਜਿਸ ਵਿਚ ਸਤਿਕਾਰ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਆਪਣੇ ਦਫਤਰ ਅੰਦਰ ਚੁੱਕ ਕੇ ਲੈ ਜਾਣ ਅਤੇ ਦਸਤਾਰਾਂ ਉਤਾਰਣ ਤੋਂ ਇਲਾਵਾ ਰੱਜ ਕੇ ਕੁੱਟਮਾਰ ਕੀਤੀ। ਆਪਣੇ ਬਚਾਅ ਵਿਚ ਆਏ ਸਤਿਕਾਰ ਕਮੇਟੀਆਂ ਵਲੋਂ ਵੀ ਡੱਟ ਕੇ ਮੁਕਾਬਲਾ ਕੀਤਾ ਗਿਆ। ਦੋਵਾਂ ਧਿਰਾਂ ਵਿਚ ਖੂਨੀ ਝੜਪ ਦਾ ਨਜ਼ਾਰਾ ਸੰਗਤਾਂ ਮੂਕ ਦਰਸ਼ਕ ਹੋ ਕੇ ਦੇਖਦੀਆਂ ਰਹੀਆਂ। ਆਸਥਾ ਦੇ ਕੇਂਦਰ ਵਿਚ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਇਸ ਤਰ੍ਹਾਂ ਦਾ ਖੌਫਨਾਕ ਖੂਨੀ ਨਜ਼ਾਰਾ ਦੇਖਣ ਨੂੰ ਆਏ ਦਿਨ ਮਿਲਦਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀਆਂ ਗੁੰਡਾਗਰਦੀਆਂ ਦੀਆਂ ਹੱਦਾਂ ਉਦੋਂ ਪਾਰ ਹੋਈਆਂ, ਜਦ ਮੀਡੀਆ ਕਰਮੀਆਂ ਦੇ ਮੋਬਾਇਲ ਅਤੇ ਕੈਮਰੇ ਖੋਹ ਲਏ ਗਏ ਅਤੇ ਇਸ ਘਟਨਾਕ੍ਰਮ ਨੂੰ ਜਿਹੜੇ ਕੈਮਰਿਆਂ ਵਿਚ ਕੈਦ ਕੀਤਾ ਸੀ, ਉਸ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਗਈਆਂ।

ਮੀਡੀਆ ਕਰਮੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਨਾ ਕਰਦਿਆਂ ਆਪਣਾ ਅੱਤਿਆਚਾਰ ਕਰਨ ਲਈ ਲੰਬਾ ਸਮਾਂ ਬੰਦੀ ਬਣਾਇਆ ਅਤੇ ਕੁੱਟਮਾਰ ਕੀਤੀ। ਦਰਜਨਾਂ ਹੀ ਸਤਿਕਾਰ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਸੱਟਾਂ ਲੱਗੀਆਂ। ਵਿਦੇਸ਼ ਤੇ ਇਕ ਨਿੱਜੀ ਚੈਨਲ ਦੇ ਪੱਤਰਕਾਰ ਜਤਿੰਦਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਘੇਰਾ ਪਾ ਕੇ ਉਸ ਦਾ ਮੋਬਾਇਲ ਖੋਹਿਆ ਅਤੇ ਕੀਤੀ ਹੋਈ ਕਵਰੇਜ ਨੂੰ ਡਿਲੀਟ ਕੀਤਾ। ਇਹ ਪੱਤਰਕਾਰ ਅੰਮ੍ਰਿਤਧਾਰੀ ਹੈ, ਜਿਸ ਦੀ ਦਸਤਾਰ ਉਤਾਰ ਕੇ ਕੇਸਾਂ ਦੀ ਖਿੱਚ ਧੂਹ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਉਪਰੋਕਤ ਪੱਤਰਕਾਰ ਨੂੰ ਡਾਂਗਾ ਦੇ ਨਾਲ ਵੀ ਕੁੱਟਮਾਰ ਕੀਤੀ, ਜਿਸ ਵਲੋਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਅਧਿਕਾਰੀਆਂ ਤੋਂ ਇਲਾਵਾ 300 ਦੇ ਕਰੀਬ ਮੁਲਾਜ਼ਮਾਂ ਖ਼ਿਲਾਫ਼ ਲਿਖਤੀ ਸ਼ਿਕਾਇਤ ਗਲਿਆਰਾ ਪੁਲਿਸ ਚੌਂਕੀ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਕ ਅਖਬਾਰ ਦੇ ਪੱਤਰਕਾਰ ਇੰਦਰ ਮੋਹਨ ਸਿੰਘ ਦਾ ਮੋਬਾਇਲ ਖੋਹਿਆ ਗਿਆ ਅਤੇ ਕੁੱਟਮਾਰ ਕੀਤੀ ਗਈ। ਇਸ ਪੱਤਰਕਾਰ ਵਲੋਂ ਗਲਿਆਰਾ ਪੁਲਿਸ ਚੌਂਕੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਜਦ ਕਿ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਤਿਕਾਰ ਕਮੇਟੀਆਂ ਨੇ ਉਨ੍ਹਾਂ ਦੇ ਦਫਤਰ ਦਾ ਮੁੱਖ ਦਰਵਾਜਾ ਬੰਦ ਕਰ ਦਿੱਤਾ ਸੀ, ਜਿਸ ਨੂੰ ਖੁਲ੍ਹਵਾਉਣ ਲਈ ਬੇਨਤੀ ਕੀਤੀ ਸੀ, ਪਰ ਇਹ ਧਰਨਾਕਾਰੀ ਉਨ੍ਹਾਂ ਦੇ ਨਾਲ ਬਹਿਸੇ ਅਤੇ ਝੜਪ ਕੀਤੀ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੀਤੇ ਹਮਲੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਕੁਝ ਕਰਮਚਾਰੀਆਂ ਨੂੰ ਸੱਟਾਂ ਲੱਗੀਆਂ ਹਨ, ਜਿਸ ਲਈ ਉਹ ਕਾਨੂੰਨੀ ਕਾਰਵਾਈ ਕਰਨਗੇ।

Posted By: Susheel Khanna