ਰਜਿੰਦਰ ਸਿੰਘ ਰੂਬੀ, ਅੰਮ੍ਰਿਤਸਰ : ਕੇਰਲ ਵਾਸੀ ਸ਼ਿਹਾਬ ਚੁਤੂਰ ਜੋ ਕਿ ਪੁਰਾਤਨ ਸਮਿਆਂ ਵਾਂਗ ਤੁਰ ਕੇ ਹੱਜ ਕਰਨ ਦਾ ਸੰਕਲਪ ਲੈ ਕੇ ਨਿਕਲਿਆ ਹੋਇਆ ਹੈ, ਅਟਾਰੀ ਸਰਹੱਦ ਰਾਹੀਂ ਗੁਆਂਢੀ ਮੁਲਕ ਪਾਕਿਸਤਾਨ ਲਈ ਰਵਾਨਾ ਹੋ ਗਿਆ ਹੈ। ਸ਼ਿਹਾਬ ਨੂੰ ਪਾਕਿਸਤਾਨ ਲਈ ਰਵਾਨਾ ਕਰਨ ਸਮੇਂ ਪੰਜਾਬ ਤੋਂ ਇਲਾਵਾ ਮੱਧ ਪ੍ਰਦੇਸ਼, ਕੇਰਲ, ਰਾਜਸਥਾਨ, ਹਰਿਆਣਾ ਤੇ ਦਿੱਲੀ ਤੋਂ ਕਾਫ਼ਲੇ ਬਣਾ ਕੇ ਲੋਕ ਪੁੱਜੇ ਹੋਏ ਸਨ। ਇਨ੍ਹਾਂ ਸ਼ਰਧਾਲੂਆਂ ਦੇ ਹੱਥਾਂ ਵਿਚ ਗੁਲਾਬ ਦੇ ਫੁੱਲ ਸਨ ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਸ਼ਿਹਾਬ ਨੂੰ ਨਮ ਅੱਖਾਂ ਨਾਲ ਰਵਾਨਾ ਕੀਤਾ ਗਿਆ।
ਅਟਾਰੀ ਸਰਹੱਦ ਵਿਖੇ ਛੱਡਣ ਆਏ ਆਫ਼ੀਆ ਕੇਡਰ ਸਕੂਲ ਖ਼ਾਸਾ ਦੇ ਮੁਖੀ ਜਨਾਬ ਜੁਨੈਦ ਖ਼ਾਨ ਤੇ ਇਮਤਿਆਜ਼ ਮਾਲੇਰਕੋਟਲਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕਿ ਚਾਰ ਮਹੀਨੇ ਪਹਿਲਾਂ ਇਹ ਸ਼ਰਧਾਲੂ ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ ’ਤੇ ਪੁੱਜਾ ਸੀ। ਦਰਅਸਲ, ਉਸ ਸਮੇਂ ਇਸ ਦੇ ਕੋਲ ਵੀਜ਼ਾ ਨਾ ਹੋਣ ਕਾਰਨ ਬੀਐੱਸਐੱਫ ਨੇ ਇਸ ਨੂੰ ਵੀਜ਼ਾ ਲੈ ਕੇ ਆਉਣ ਲਈ ਕਹਿ ਕੇ ਭੇਜ ਦਿੱਤਾ ਸੀ। ਹੁਣ ਇਸ ਸ਼ਰਧਾਲੂ ਨੂੰ ਪਾਕਿਸਤਾਨ ਵਿਚ ਦਾਖ਼ਲ ਹੋਣ ਲਈ ਵੀਜ਼ਾ ਮਿਲ ਗਿਆ ਹੈ। ਇਹ ਭਾਰਤੀ ਨਾਗਰਿਕ ਮੱਕੇ ਤਕ ਪਹੁੰਚਣ ਲਈ ਪਾਕਿਸਤਾਨ, ਈਰਾਨ, ਇਰਾਕ ਤੇ ਕੁਵੈਤ ਤੋਂ ਹੁੰਦਾ ਹੋਇਆ ਸਾਊਦੀ ਅਰਬ ਪਹੁੰਚੇਗਾ। ਯਾਦ ਰਹੇ ਪਾਕਿਸਤਾਨੀ ਵਿਅਕਤੀ ਸਰਤਾਜ ਤਾਜ ਨੇ ਸੁਪਰੀਮ ਕੋਰਟ ਪਾਕਿਸਤਾਨ ਵਿਚ ਰਿੱਟ ਦਾਇਰ ਕੀਤੀ ਸੀ ਤੇ ਭਾਰਤੀ ਨਾਗਰਿਕ ਸ਼ਿਹਾਬ ਨੂੰ ਪਾਕਿਸਤਾਨ ਆਉਣ ਦੇਣ ਦੀ ਬੇਨਤੀ ਕੀਤੀ ਸੀ। ਸ਼ਿਹਾਬ ਨੇ ਆਪਣੇ ਸੰਕਲਪ ਅਨੁਸਾਰ ਪਾਕਿਸਤਾਨ ਜਾਣ ਤੋਂ ਪਹਿਲਾਂ ਭਾਰਤੀ ਬੀਐੱਸਐੱਫ ਕਸਟਮ ਤੇ ਇਮੀਗੇ੍ਰਸ਼ਨ ਨੂੰ ਅਪੀਲ ਕੀਤੀ ਕਿ ਉਹ ਬੱਸ ਜਾਂ ਗੱਡੀ ਵਿਚ ਨਹੀਂ ਬਲਕਿ ਤੁਰ ਕੇ ਭਾਰਤ ਤੋਂ ਸਰਹੱਦ ਪਾਰ ਕਰੇਗਾ।
Posted By: Tejinder Thind