ਸਟਾਫ ਰਿਪੋਰਟਰ, ਅੰਮ੍ਰਿਤਸਰ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਕਰੀਬ 1500 ਕਮਰਿਆਂ ਵਾਲੀ ਇਕ ਹੋਰ ਆਧੁਨਿਕ ਸਰਾਂ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਬਾਰੇ ਕੀਤੀ ਗਈ ਬੇਤੁਕੀ ਟਿੱਪਣੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਪ੍ਰਚਾਰਕ ਨੂੰ ਇਹ ਹੱਕ ਨਹੀਂ ਹੈ ਕਿ ਉਹ ਸਿੱਖ ਕੌਮ ਦੇ ਇਤਿਹਾਸਕ ਅਸਥਾਨਾਂ ਬਾਰੇ ਮੰਦਾ ਬੋਲੇ। ਢੱਡਰੀਆਂ ਵਾਲੇ ਵੱਲੋਂ ਸਿੰਘੂ ਬਾਰਡਰ ਦੀ ਘਟਨਾ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਜੋਡ਼ ਕੇ ਸੰਗਤ ਦੀਆਂ ਭਾਵਨਾਵਾਂ ਨੂੰ ਢਾਹ ਲਾਈ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਸਰਬਸਾਂਝਾ ਅਸਥਾਨ ਹੈ, ਜਿਥੇ ਹਰ ਧਰਮ ਦੇ ਲੋਕ ਸ਼ਰਧਾ ਨਾਲ ਪੁੱਜਦੇ ਹਨ। ਸੰਗਤਾਂ ਵਿਚ ਇਸ ਪਾਵਨ ਅਸਥਾਨ ਪ੍ਰਤੀ ਡਰ ਪੈਦਾ ਕਰਨਾ ਚੰਗੀ ਗੱਲ ਨਹੀਂ। ਭਾਈ ਰਣਜੀਤ ਸਿੰਘ ਸਿੱਖੀ ਪ੍ਰਚਾਰ ਦੀ ਆਡ਼ ਹੇਠ ਸ਼ਰਧਾ ਨੂੰ ਸੱਟ ਨਾ ਮਾਰਨ ਅਤੇ ਪਾਵਨ ਅਸਥਾਨਾਂ ਦੇ ਇਤਿਹਾਸਕ ਮਹੱਤਵ ਨੂੰ ਵੀ ਅੱਖੋਂ-ਓਹਲੇ ਨਾ ਕਰਨ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਵੀ ਨਿਖੇਧੀ ਕਰਦਿਆਂ ਇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਲਖੀਮਪੁਰ ਖੀਰੀ ਘਟਨਾ ਦੀ ਨਿਖੇਧੀ ਕਰਦਿਆਂ ਪੀਡ਼ਤ ਪਰਿਵਾਰਾਂ ਨਾਲ ਖਡ਼੍ਹਨ ਦੀ ਵਚਨਬੱਧਤਾ ਪ੍ਰਗਟਾਈ।

Posted By: Tejinder Thind