ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵਧਣ 'ਤੇ ਜਾਰੀ ਕੀਤੇ ਗਏ ਅਲਰਟ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਦੀ ਮੱਦਦ ਲਈ ਪ੍ਰਬੰਧ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ 'ਤੇ ਵੱਖ ਵੱਖ ਗੁਰਦੁਆਰਿਆਂ ਵਿਚ ਲੋਕਾਂ ਦੀ ਰਿਹਾਇਸ਼ ਤੇ ਲੰਗਰ ਆਦਿ ਦੇ ਇੰਤਜ਼ਾਮਾਂ ਲਈ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਮੁਤਾਬਕ ਬਾਰਿਸ਼ ਕਰ ਕੇ ਪੰਜਾਬ ਅੰਦਰ ਕੁਝ ਇਲਾਕਿਆਂ ਵਿਚ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਪ੍ਰਧਾਨ ਲੌਂਗੋਵਾਲ ਨੇ ਸੰਗਤ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਹੈ। ਭਾਖੜਾ ਡੈਮ ਦਾ ਪਣੀ ਛੱਡਣ ਦੀ ਸਥਿਤੀ ਵਿਚ ਸਰਕਾਰ ਨੇ ਸਤਲੁਜ ਵਿਚ ਪਾਣੀ ਵਧਣ ਕਾਰਨ ਜਲੰਧਰ ਤੇ ਫਿਰੋਜ਼ਪੁਰ ਦੇ ਲੋਕਾਂ ਨੂੰ ਸੁਚੇਤ ਕੀਤਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਲੋੜ ਪੈਣ 'ਤੇ ਲੋਕਾਂ ਦੀ ਮਦਦ ਲਈ ਤਿਆਰ ਹੈ ਤੇ ਲੰਗਰ ਤੇ ਰਿਹਾਇਸ਼ ਦੇ ਪ੍ਰਬੰਧਾਂ ਲਈ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਆਖਿਆ ਜਾ ਰਿਹਾ ਹੈ। ਉਨ੍ਹਾਂ ਨੇ ਜਨਤਕ ਅਪੀਲ ਕੀਤੀ ਕਿ ਲੋੜ ਪੈਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਿਆਂ ਨਾਲ ਸੰਪਰਕ ਕੀਤਾ ਜਾਵੇ।