ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਭਾਈ ਹਜ਼ਾਰਾ ਸਿੰਘ ਅੱਲਾਹਦੀਨਪੁਰ ਅਤੇ ਭਾਈ ਹੁਕਮ ਸਿੰਘ ਦੀਆਂ ਤਸਵੀਰਾਂ 23 ਜਨਵਰੀ 2021 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, 27 ਅਤੇ 28 ਜਨਵਰੀ ਨੂੰ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਤਰਨ ਤਾਰਨ ਦੇ ਪਿੰਡ ਅੱਲਾਦੀਨਪੁਰ ਵਿਖੇ ਸਮਾਗਮ ਕਰਵਾਇਆ ਜਾਵੇਗਾ।

ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਮਹੰਤਾਂ ਪਾਸੋਂ ਸਿੱਖਾਂ ਦੇ ਪਾਵਨ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਵੱਡੀ ਗਿਣਤੀ ਵਿਚ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਇਸ ਲੜੀ ਦੇ ਆਰੰਭ ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਨੂੰ ਮਹੰਤਾਂ ਤੋਂ ਆਜ਼ਾਦੀ ਦਿਵਾਉਣ ਹਿੱਤ ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਅਹਿਮ ਥਾਂ ਰੱਖਦੀ ਹੈ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ 27 ਅਤੇ 28 ਜਨਵਰੀ ਨੂੰ ਦੋ ਦਿਨਾਂ ਗੁਰਮਤਿ ਸਮਾਗਮ ਨਗਰ ਅੱਲਾਦੀਨਪੁਰ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਅਤੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸੌ ਸਾਲਾ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ ਕਰਵਾਏ ਜਾ ਰਹੇ ਹਨ।

ਇਸ ਤਹਿਤ ਸਾਕਾ ਸ੍ਰੀ ਤਰਨਤਾਰਨ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਦੇਣ ਲਈ ਸਮਾਗਮ ਕੀਤਾ ਜਾ ਰਿਹਾ ਹੈ। ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਦੀਆਂ ਤਸਵੀਰਾਂ ਸਿੱਖ ਕੇਂਦਰੀ ਅਜਾਇਬ ਘਰ ਵਿਚ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਤਸਵੀਰਾਂ 23 ਜਨਵਰੀ ਨੂੰ ਲਾਈਆਂ ਜਾਣਗੀਆਂ।

ਫੋਟੋ-36