ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਅਤੇ ਵਿਦਿਅਕ ਅਦਾਰਿਆਂ ਦੇ ਵਿੱਤੀ ਕੰਮਕਾਜ ਨੂੰ ਪਾਰਦਰਸ਼ੀ ਢੰਡ ਨਾਲ ਆਡਿਟ ਕਰਨ ਲਈ 24 ਕੰਪਨੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।

ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਹ ਸੀਏ ਫਰਮਾਂ ਗੁਰਦੁਆਰਿਆਂ ਅਤੇ ਵਿਦਿਅਕ ਅਦਾਰਿਆਂ ਦਾ ਇੰਟਰਨਲ ਆਡਿਟ ਕਰਨ ਲਈ ਜ਼ਿਲ੍ਹਾ ਪੱਧਰ 'ਤੇ ਕਾਰਜਸ਼ੀਲ ਹੋਣਗੀਆਂ। ਫਿਲਹਾਲ ਇਹ ਸੇਵਾਵਾਂ ਵਿੱਤੀ ਸਾਲ 2021-22 ਲਈ ਲਈਆਂ ਜਾ ਰਹੀਆਂ ਹਨ, ਜਿਸ ਲਈ ਕਰੀਬ 49 ਲੱਖ ਰੁਪਏ ਸਾਲਾਨਾ ਭੁਗਤਾਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਹਰ ਫਰਮ ਨੂੰ ਮਹੀਨੇ ਦੀ 10 ਤਰੀਕ ਤੱਕ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਆਪਣੀ ਰਿਪੋਰਟ ਦੇਣੀ ਲਾਜ਼ਮੀ ਹੋਵੇਗੀ। ਵਿੱਤੀ ਪਾਰਦਰਸ਼ਤਾ ਲਈ ਸੰਸਥਾ ਦਾ ਕੰਮਕਾਜ ਮਾਹਰ ਸੀਏ ਤੋਂ ਕਰਵਾਇਆ ਜਾਣਾ ਜ਼ਰੂਰੀ ਹੈ, ਇਸ ਵਾਸਤੇ ਸਬ ਕਮੇਟੀ ਨੇ ਬਕਾਇਦਾ ਇੰਟਰਵਿਊ ਰਾਹੀਂ ਸੀਏ ਫਰਮਾਂ ਦੀ ਚੋਣ ਕੀਤੀ ਹੈ। ਹਰੇਕ ਫਰਮ ਸ਼੍ਰੋਮਣੀ ਕਮੇਟੀ ਵੱਲੋਂ ਬਾਕਾਇਦਾ ਤਿਆਰ ਕੀਤੇ ਗਏ ਨਿਯਮਾਂ ਤਹਿਤ ਕੰਮ ਕਰੇਗੀ।

ਆਡਿਟ ਦੇ ਨਾਲ-ਨਾਲ ਵਿਦਿਅਕ ਅਦਾਰਿਆਂ ਤੇ ਗੁਰਦੁਆਰਾ ਸਾਹਿਬਾਨ ਦੇ ਸਟਾਫ ਨੂੰ ਇਨ੍ਹਾਂ ਫਰਮਾਂ ਵੱਲੋਂ ਦੋਹਰਾ ਇੰਦਰਾਜ਼ ਅਤੇ ਕੰਪਿਊਟਰੀਕਰਨ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਫਰਮਾਂ ਨੂੰ ਆਡਿਟ ਕਰਦੇ ਸਮੇਂ ਕੋਈ ਕੋਸੇ ਵੀ ਮਾਮਲੇ ਸਬੰਧੀ ਅਧਿਕਾਰਾਂ ਤੋਂ ਬਾਹਰ ਜਾ ਕੇ ਕੀਤੇ ਹੋਏ ਕੰਮ ਬਾਰੇ ਸ਼੍ਰੋਮਣੀ ਕਮੇਟੀ ਮੁੱਖ ਦਫਤਰ ਦੇ ਧਿਆਨ ਵਿਚ ਲਿਆਉਣਾ ਜ਼ਰੂਰੀ ਹੋਵੇਗਾ ਅਤੇ ਉਸ ਨੂੰ ਸੀਏ ਫਰਮਾਂ ਮਹੀਨਾਵਾਰ ਆਪਣੀ ਰਿਪੋਰਟ ਵਿਚ ਵਿਸ਼ੇਸ਼ ਤੌਰ 'ਤੇ ਦਰਜ ਕਰਕੇ ਵੀ ਭੇਜਣਗੀਆਂ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਡਾ ਮੰਤਵ ਗੁਰਦੁਆਰਾ ਪ੍ਰਬੰਧਾਂ ਨੂੰ ਹਰ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸੰਗਤਾਂ ਸਾਹਮਣੇ ਪੇਸ਼ ਕਰਨਾ ਹੈ ਅਤੇ ਇਸੇ ਅਨੁਸਾਰ ਹੀ ਕਾਰਜ ਕੀਤੇ ਜਾ ਰਹੇ ਹਨ। ਐੱਸਐੱਸ ਕੋਹਲੀ ਐਂਡ ਐਸੋਸੀਏਟ ਵੱਲੋਂ ਸ੍ਰੀ ਗੁਰੂ ਗ੍ੰਥ ਸਾਹਿਬ ਭਵਨ ਦਾ ਆਡਿਟ ਨਾ ਕਰਨ ਕਾਰਨ ਪਾਵਨ ਸਰੂਪਾਂ ਦੇ ਰਿਕਾਰਡ ਵਿਚ ਹੀ ਮੁਲਾਜ਼ਮਾਂ ਵੱਲੋਂ ਹੇਰਫੇਰੀ ਕਰ ਲਈ ਸੀ।

27 ਅਗਸਤ 2020 ਨੂੰ ਅੰਤਿ੍ੰਗ ਕਮੇਟੀ ਦੇ ਫੈਂਸਲੇ ਅਨੁਸਾਰ ਕੋਹਲੀ ਦੀ ਫਰਮ ਦਾ ਕੰਮ ਬੰਦ ਕਰਕੇ ਕੀਤੀ ਹੋਈ ਅਦਾਇਗੀ ਵਿਚੋਂ ਸਾਢੇ ਸੱਤ ਕਰੋੜ ਰੁਪਏ ਵਾਪਸ ਲੈਣ ਲਈ ਨੋਟਿਸ ਭੇਜੇ ਜਾ ਰਹੇ ਹਨ। ਜੇਕਰ ਕੋਹਲੀ ਵੱਲੋਂ ਪੈਸੇ ਦੀ ਵਾਪਸੀ ਨਾ ਕੀਤੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੁਰੂ ਘਰ ਦੇ ਪੈਸੇ ਹਰ ਵਸੀਲੇ ਨਾਲ ਵਾਪਸ ਲਿਆਉਂਣ ਦੇ ਯਤਨ ਕੀਤੇ ਜਾਣਗੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤਿ੍ੰਗ ਮੈਂਬਰ ਸਤਵਿੰਦਰ ਸਿੰਘ ਟੌਹੜਾ, ਅਜਮੇਰ ਸਿੰਘ ਖੇੜਾ, ਜਰਨੈਲ ਸਿੰਘ ਡੋਗਰਾਂਵਾਲਾ, ਚਰਨਜੀਤ ਸਿੰਘ ਕਾਲੇਵਾਲ, ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਕਿਰਨਜੋਤ ਕੌਰ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਸੁਖਮਿੰਦਰ ਸਿੰਘ, ਪ੍ਰਤਾਪ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ।