ਰਮੇਸ਼ ਰਾਮਪੁਰਾ, ਅੰਮਿ੍ਤਸਰ : ਲੋਕ ਕਲਾ ਮੰਚ ਮਜੀਠਾ ਦੇ ਕਲਾਕਾਰਾਂ ਦੀ 'ਗਿੱਲੀ ਮਿੱਟੀ' ਨਾਟਕ ਦੀ ਨੁੱਕੜ ਪੇਸ਼ਕਾਰੀ ਕਵਾਲਿਟੀ ਫਾਰਮਾਸਿਊਟੀਕਲ ਦੇ ਸਹਿਯੋਗ ਨਾਲ 8 ਜੂਨ ਨੂੰ ਕੰਪਨੀ ਬਾਗ ਅਤੇ 9 ਜੂਨ 2019 ਨੂੰ ਆਨੰਦ ਪਾਰਕ ਲੁਹਾਰਕਾ ਰੋਡ ਅੰਮਿ੍ਤਸਰ ਵਿਖੇ ਕੀਤੀ ਗਈ। ਉਪਰੋਕਤ ਨਾਟਕ ਗੁਰਮੇਲ ਸ਼ਾਮ ਨਗਰ ਵੱਲੋਂ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਨਾਟਕ ਰਾਹੀਂ ਸਮਾਜ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬੱਚਾ ਜਨਮ ਤੋਂ ਕੁਝ ਵੀ ਨਹੀਂ ਜਾਣਦਾ ਹੁੰਦਾ, ਸਗੋਂ ਘਰ, ਪਰਿਵਾਰ, ਦੋਸਤ ਮਿੱਤਰ, ਸਕੂਲ ਦਾ ਮਾਹੌਲ ਅਤੇ ਆਲੇ ਦੁਆਲੇ ਦਾ ਸਮਾਜਿਕ ਮਾਹੌਲ ਬੱਚੇ ਦੀ ਮਾਨਸਿਕਤਾ ਨੂੰ ਘੜ੍ਹਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਨਾਟਕ ਵਿਚ ਇਸ ਪਹਿਲੂ ਨੂੰ ਵਿਸ਼ੇਸ਼ ਰੂਪ 'ਚ ਉਭਾਰਿਆ ਗਿਆ ਹੈ ਕਿ ਲੱਚਰਤਾ, ਹਿੰਸਾ ਤੇ ਨਸ਼ਿਆਂ ਨੂੰ ਬੜਾਵਾ ਦੇ ਰਹੀ ਅਜੋਕੀ ਪੰਜਾਬੀ ਗਾਇਕੀ/ਗੀਤਕਾਰੀ, ਘਟੀਆ ਦਰਜੇ ਦੀ ਿਫ਼ਲਮਸਾਜ਼ੀ ਅਤੇ ਅਸ਼ਲੀਲਤਾ ਭਰਪੂਰ ਗਾਣੇ ਬੱਚਿਆਂ ਦੇ ਕੋਮਲ ਮਨਾਂ 'ਤੇ ਗਹਿਰਾ ਤੇ ਮਾੜਾ ਪ੍ਰਭਾਵ ਪਾ ਰਹੇ ਹਨ। ਇਸ ਦੇ ਨਤੀਜੇ ਵਜੋਂ ਕਿਸ਼ੋਰ ਉਮਰ ਦੇ ਬੱਚਿਆਂ ਤੇ ਨੌਜਵਾਨਾਂ ਵਿੱਚ ਦਿਸ਼ਾਹੀਣਤਾ, ਫੁਕਰਾਪਣ, ਮਾਂ ਬਾਪ ਅਤੇ ਅਧਿਆਪਕਾਂ ਦੀ ਬੇਕਦਰੀ, ਹਿੰਸਾ ਤੇ ਨਸ਼ਿਆ ਵੱਲ ਰੁਝਾਨ ਵਧ ਰਿਹਾ ਹੈ।

ਨਾਟਕ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆ ਰਮੇਸ਼ ਅਰੋੜਾ ਨੇ ਕਿਹਾ ਕਿ ਲੋਕ ਕਲਾ ਮੰਚ ਮਜੀਠਾ ਸਮਾਜਿਕ ਚੇਤਨਾ ਪੈਦਾ ਕਰਨ ਲਈ ਅਹਿਮ ਕਾਰਜ ਕਰ ਰਿਹਾ ਹੈ। ਇਸ ਲਈ ਕਵਾਲਿਟੀ ਫਾਰਮਾਸਿਊਟੀਕਲ ਲਿਮ ਵੱਲੋਂ ਸਹਿਯੋਗ ਕੀਤਾ ਜਾਂਦਾ ਰਹੇਗਾ। ਲੋਕ ਕਲਾ ਮੰਚ ਮਜੀਠਾ ਦੀ ਸੰਚਾਲਕ ਕਮੇਟੀ ਤੇ ਸਮੁੱਚੀ ਨਾਟਕ ਟੀਮ ਵੱਲੋਂ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਿਢੱਲੋਂ ਪੁਲਿਸ ਪ੍ਰਸ਼ਾਸਨ ਅਤੇ ਕਾਰਪੋਰੇਸ਼ਨ ਅੰਮਿ੍ਤਸਰ ਦੇ ਸਹਿਯੋਗ ਲਈ ਧੰਨਵਾਦ ਕੀਤਾ। ਨਾਟਕ 'ਚ ਧਿਆਨ ਚੰਦ, ਰਵੀ ਕੁਮਾਰ, ਸਾਜਨ ਸਿੰਘ, ਹਰਪ੍ਰਰੀਤ ਸਿੰਘ, ਸੂਰਜ ਸਿੰਘ, ਜੌਹਨ ਪਾਲ ਸਹੋਤਾ, ਕਰਨ ਨੇ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਤੇ ਸੰਗੀਤ ਮੇਜਰ ਸਿੰਘ ਮਜੀਠਾ ਨੇ ਦਿੱਤਾ। ਜ਼ਿਕਰਯੋਗ ਹੈ ਕਿ 'ਗਿੱਲੀ ਮਿੱਟੀ' ਨਾਟਕ ਦੀਆਂ ਅਗਲੀਆਂ ਪੇਸ਼ਕਾਰੀਆਂ ਮਿਤੀ 15 ਜੂਨ ਨੂੰ ਗੋਲ ਬਾਗ, 16 ਜੂਨ ਨੂੰ ਸਕੱਤਰੀ ਬਾਗ, 22 ਜੂਨ ਨੂੰ ਕੰਪਨੀ ਬਾਗ਼ ਅਤੇ 23 ਜੂਨ ਨੂੰ ਆਨੰਦ ਪਾਰਕ ਲੁਹਾਰਕਾ ਰੋਡ ਅੰਮਿਤਸਰ ਵਿਖੇ ਕੀਤੀਆਂ ਜਾਣਗੀਆਂ। ਜਿਨ੍ਹਾਂ ਦਾ ਸਮਾਂ ਸ਼ਾਮ 6 ਵਜੇ ਤੋਂ 8 ਵਜੇ ਤਕ ਦਾ ਹੋਵੇਗਾ।