ਰਮੇਸ਼ ਰਾਮਪੁਰਾ, ਅੰਮਿ੍ਰਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 'ਸੜਕ ਸੁਰੱਖਿਆ ਅਤੇ ਤੁਰਨ ਦਾ ਅਧਿਕਾਰ' ਵਿਸ਼ੇ 'ਤੇ ਦੋ ਰੋਜ਼ਾ ਸੈਮੀਨਾਰ-ਕਮ-ਵਰਕਸ਼ਾਪ ਦਾ ਉਦਘਾਟਨ ਵੀਰਵਾਰ ਨੂੰ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਸ ਸੈਮੀਨਾਰ-ਕਮ-ਵਰਕਸ਼ਾਪ ਦਾ ਆਯੋਜਨ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੰਜਾਬ ਪੁਲਿਸ ਕਮਿਸ਼ਨਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਦਾ ਉਦਘਾਟਨ ਕੀਤਾ। ਅੰਮਿ੍ਰਤਸਰ ਦੇ ਕਮਿਸ਼ਨਰ ਆਫ ਪੁਲਿਸ ਡਾ. ਸੁਖਚੈਨ ਸਿੰਘ ਗਿੱਲ ਆਈਪੀਐੱਸ, ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਅਤੇ ਪੰਜਾਬ ਸਰਕਾਰ ਤੋਂ ਟਰੈਫਿਕ ਸਲਾਹਕਾਰ, ਡਾ. ਨਵਦੀਪ ਅਸੀਜਾ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਵਰਕਸ਼ਾਪ ਦੌਰਾਨ ਪੰਜਾਬ ਪੁਲਿਸ, ਸੈਂਟਰ ਫਾਰ ਮੋਬਿਲਟੀ ਨਵੀਂ ਦਿੱਲੀ, ਮਸੂਰੀ ਦੇਹਰਾਦੂਨ ਡਿਵੈਲਪਮੈਂਟ ਅਥਾਰਿਟੀ, ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ, ਅਰਹੁਸ ਯੂਨੀਵਰਸਿਟੀ ਡੈਨਮਾਰਕ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਦਿੱਲੀ, ਐੱਲਪੀਯੂ ਜਲੰਧਰ, ਅਰਕੌਪ ਐਸੋਸੀਏਟ ਦੇ ਨੁਮਾਂਇੰਦਿਆਂ ਤੋਂ ਇਲਾਵਾ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਖੋਜਾਰਥੀ, ਵਿਦਿਆਰਥੀ ਅਤੇ ਅਧਿਆਪਕ ਮੌਜੂਦ ਸਨ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕਿਹਾ ਕਿ ਪੈਦਲ ਤੁਰਨ ਵਾਲਿਆਂ ਦਾ ਪਹਿਲ ਦੇ ਆਧਾਰ 'ਤੇ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਸਬੰਧੀ ਯੂਨੀਵਰਸਿਟੀ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਪੈਦਲ ਤੁਰਨ ਵਾਲਿਆਂ ਲਈ ਵਿਸ਼ੇਸ਼ ਰਸਤਾ ਬਣਾਇਆ ਗਿਆ ਹੈ ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਸਾਈਕਲ ਚਲਾਉਣ ਵਾਲਿਆਂ ਲਈ ਕੀਤੇ ਪ੍ਰਬੰਧ ਦਾ ਮੰਤਵ ਵੀ ਯੂਨੀਵਰਸਿਟੀ ਵਿਚ ਟਰੈਫਿਕ ਨੂੰ ਘੱਟ ਅਤੇ ਕੰਟਰੋਲ ਕਰਨਾ ਹੈ। ਉਨ੍ਹਾਂ ਸ਼ਹਿਰ ਦੇ ਵੱਖ ਵੱਖ ਸਥਾਨਾਂ ਉਪਰ ਆਵਾਜਾਈ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਬਾਰੇ ਆਖਿਆ। ਡਾ. ਨਵਦੀਪ ਅਸੀਜਾ ਨੇ ਕਿਹਾ ਕਿ ਸੜਕ ਪ੍ਰਬੰਧ ਪ੍ਰਣਾਲੀ ਵਿਚ ਸਾਈਕਲ ਚਲਾਉਣ ਅਤੇ ਪੈਦਲ ਤੁਰਨ ਵਾਲਿਆਂ ਦੀ ਸੁਰੱਖਿਆ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ। ਟਰਾਂਸਪੋਰਟ ਯੋਜਨਾਬੰਦੀ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕਰਦਿਆਂ ਪ੍ਰੋ. ਬਹਿਲ ਨੇ ਕਿਹਾ ਕਿ ਯੋਜਨਾਮੁਖੀ ਨੂੰ ਟਰਾਂਸਿਟਮੁਖੀ ਯੋਜਨਾਬੰਦੀ ਵੱਲ ਮੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਲੋੜ ਹੈ ਕਿ ਯੋਜਨਾਬੰਧੀ, ਪ੍ਰਬੰਧ ਅਤੇ ਪੈਦਲ ਤੁਰਨ ਵਾਲਿਆਂ ਦੇ ਅਧਿਕਾਰਾਂ ਵਿਚ ਤਾਲਮੇਲ ਉਪਰ ਫੋਕਸ ਕੀਤਾ ਜਾਵੇ। ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸੜਕ ਦੁਰਘਟਨਾਵਾਂ ਅਤੇ ਟਰੈਫਿਕ ਬਾਰੇ ਅਧਿਆਪਨ ਸਬੰਧੀ ਉਦਮ ਕਰਨ ਦੀ ਲੋੜ ਹੈ। ਡਾ. ਅਸ਼ਵਨੀ ਲੁਥਰਾ ਨੇ ਕਿਹਾ ਕਿ ਆਪਣੇ ਜੀਵਨ ਨੂੰ ਸੁਰੱਖਿਅਤ ਰੱਖਣਾ ਆਪਣੇ ਹੱਥ ਹੁੰਦਾ ਹੈ ਇਸ ਲਈ ਸੜਕ ਉਪਰ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਿਸੇ ਹੋਰ ਵਾਸਤੇ ਨਹੀਂ ਸਗੋਂ ਆਪਣੇ ਜੀਵਨ ਨੂੰ ਸੁਰੱਖਿਅਤ ਕਰਨ ਦੇ ਲਈ ਹੀ ਹੈ। ਇਸ ਤੋਂ ਪਹਿਲਾਂ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਡਾ. ਕਿਰਨ ਸੰਧੂ ਨੇ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਵਰਕਸ਼ਾਪ ਬਾਰੇ ਜਾਣਕਾਰੀ ਦਿੱਤੀ।