ਪੱਤਰ ਪ੍ਰਰੇਰਕ, ਅੰਮਿ੍ਤਸਰ : ਇੰਸਪੈਕਟਰ ਹਰਪਾਲ ਸਿੰਘ ਇੰਚਾਰਜ ਟ੍ਰੈਫਿਕ ਸਟਾਫ ਅੰਮਿ੍ਤਸਰ ਦਿਹਾਤੀ ਦੀ ਅਗਵਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਭਦਿਆਲ ਸਿੰਘ ਤੇ ਹੌਲਦਾਰ ਇੰਦਰਮੋਹਣ ਸਿੰਘ ਵੱਲੋਂ ਸੇਫ ਸਕੂਲ ਵਾਹਨ ਪਾਲਸੀ ਤਹਿਤ ਅਕਾਲ ਅਕੈਡਮੀ ਬਾਸਰਕੇ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਇੰਸਪੈਕਟਰ ਹਰਪਾਲ ਸਿੰਘ ਨੇ ਅਕਾਲ ਅਕੈਡਮੀ ਦੇ ਟਰਾਂਸਪੋਰਟਰਾਂ ਨੂੰ ਹਦਾਇਤ ਕੀਤੀ ਕਿ ਹਰ ਬੱਸ ਵਿਚ ਅੱਗੇ ਪਿੱਛੇ ਪੀਟੀ-1 ਸੀਸੀਟੀ ਵੀ ਕੈਮਰੇ ਲਗਾਏ ਜਾਣ, ਸਪੀਡ ਗਰਵਰਨਰ ਲੱਗਾ ਹੋਵੇ ਤੇ ਜਿੱਥੇ ਬੱਸਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ, ਉਥੇ ਵੀ ਇਹ ਕੈਮਰੇ ਲਗਾਏ ਜਾਣ। ਹਰ ਸਕੂਲੀ ਵਾਹਨ ਵਿਚ ਸਹਾਇਕ ਹੋਣਾ ਜਰੂਰੀ ਹੈ ਤੇ ਜਿਸ ਵਾਹਨ 'ਚ ਛੋਟੇ ਬੱਚੇ ਹੋਣ ਉਸ 'ਚ ਮਹਿਲਾ ਸਹਾਇਕ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਸਹਾਇਕ ਤੇ ਡਰਾਈਵਰ ਦੋਵੇਂ ਵਰਦੀ 'ਚ ਹੋਣੇ ਚਾਹੀਦੇ ਹਨ ਅਤੇ ਦੋਵਾਂ ਦੇ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਹੈ, ਡਰਾਇਵਰ ਦਾ ਘੱਟ ਤੋਂ ਘੱਟ 5 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ। ਸਬ ਇੰਸਪੈਕਟਰ ਪ੍ਰਭਦਿਆਲ ਸਿੰਘ ਨੇ ਕਿਹਾ ਕਿ ਹਰ ਸਕੂਲੀ ਵਾਹਨ ਦੇ ਕਾਗਜਾਤ ਪੂਰੇ ਹੋਣੇ ਚਾਹੀਦੇ ਹਨ ਜਿਵੇਂ ਰਜਿਸਟਰੇਸ਼ਨ ਸਰਟੀਫਿਕੇਟ, ਫਿਟਨੈਸ ਸਾਰਟੀਫਿਕੇਟ, ਬੀਮਾ, ਪ੍ਰਦੂਸ਼ਣ ਰਹਿਤ ਸਰਟੀਫਿਕੇਟ, ਅਤੇ ਰੂਟ ਪਰਮਿਟ ਆਦਿ। ਇਸ ਤੋਂ ਇਲਾਵਾ ਹਰ ਸਕੂਲੀ ਵਾਹਨ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਟ੍ਰੈਫਿਕ ਨਿਯਮਾਂ, ਫਸਟਏਡ ਬਾਰੇ, ਕੁਦਰਤੀ ਆਫਤਾਂ ਤੋਂ ਬਚਾਅ ਕਰਨ ਦੇ ਤਰੀਕੇ ਅਤੇ ਨਸ਼ਿਆਂ ਤੋਂ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਟਰਾਂਸਪੋਰਟਰਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਛੁੱਟੀਆਂ ਦੌਰਾਨ ਸਕੂਲੀ ਵਾਹਨਾਂ ਦੇ ਰਹਿੰਦੇ ਕੰਮ ਸਾਰੇ ਪੂਰੇ ਕਰ ਲਏ ਜਾਣ ਨਹੀ ਤਾਂ ਕਾਨੂੰਨ ਮੁਤਾਬਕ ਕਾਰਵਾਈ ਹੋ ਸਕਦੀ ਹੈ। ਇਸ ਮੌਕੇ ਟਰਾਂਸਪੋਰਟਰ ਗੁਰਜੰਟ ਸਿੰਘ, ਟਰਾਂਸਪੋਰਟਰ ਹਰਪਾਲ ਸਿੰਘ ਗਿੱਲ, ਟਰਾਂਸਪੋਰਟਰ ਸਰਬਜੀਤ ਸਿੰਘ, ਟਰਾਂਸਪੋਰਟਰ ਲਵਦੀਪ ਸਿੰਘ, ਦਲਜੀਤ ਸਿੰਘ, ਨਰਿੰਦਰ ਸਿੰਘ, ਹਰਦੇਵ ਸਿੰਘ, ਪ੍ਰਕਾਸ਼ ਸਿੰਘ, ਸਵਿੰਦਰ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ।