ਜੇਐੱਨਐੱਨ, ਅੰਮਿ੍ਤਸਰ : ਅੱਜ ਤੋਂ ਕੋਵੀਸ਼ੀਲਡ ਟੀਕਾਕਰਨ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ। ਸਿਹਤ ਕਾਮਿਆਂ ਅਤੇ ਫਰੰਟ ਲਾਈਨ ਵਾਰੀਅਰਸ ਦੇ ਟੀਕਾਕਰਨ ਦੇ ਨਾਲ ਹੀ ਹੁਣ 45 ਤੋਂ 59 ਉਮਰ ਵਰਗ ਦੇ ਉਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ ਜੋ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ, ਮਸਲਨ, ਹਾਈਪਰਟੈਂਸ਼ਨ, ਸ਼ੂਗਰ, ਦਿਲ ਦੇ ਰੋਗਾਂ ਤੋਂ ਪੀੜਤ ਆਦਿ। ਉਪਰੋਕਤ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਕੋਰੋਨਾ ਹੋਣ 'ਤੇ ਜੀਵਨ ਨੁਕਸਾਨ ਦਾ ਖ਼ਤਰਾ ਰਹਿੰਦਾ ਹੈ। ਇਸ ਦੇ ਇਲਾਵਾ 60 ਸਾਲ ਦੀ ਉਮਰ ਤੋਂ ਉੱੁਪਰ ਦੇ ਹਰ ਬਜ਼ੁਰਗ ਦਾ ਟੀਕਾਕਰਨ ਕੀਤਾ ਜਾਵੇਗਾ। ਟੀਕਾਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਮਾਨਤਾਯੋਗ ਹੋਵੇਗਾ। ਹਾਲਾਂਕਿ ਗੰਭੀਰ ਬਿਮਾਰੀਆਂ ਤੋਂ ਪੀੜਤ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਟੀਕਾਕਰਨ ਤੋਂ ਪਹਿਲਾਂ ਡਾਕਟਰ ਵੱਲੋਂ ਪ੍ਰਮਾਣਿਤ ਪ੍ਰਮਾਣ ਪੱਤਰ ਦਿਖਾਉਣਾ ਹੋਵੇਗਾ। ਐਤਵਾਰ ਨੂੰ ਏਡੀਸੀ ਹਿਮਾਂਸ਼ੂ ਅਗਰਵਾਲ ਨੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਸਮੇਤ ਤਮਾਮ ਪ੍ਰਰੋਗਰਾਮ ਅਫਸਰਾਂ ਨਾਲ ਬੈਠਕ ਕਰ ਕੇ ਤਿਆਰੀਆਂ ਦੀ ਸਮੀਖਿਆ ਕੀਤੀ।

ਬਾਕਸ . .

ਜ਼ਿਲ੍ਹੇ ਦੇ 100 ਨਿੱਜੀ ਹਸਪਤਾਲਾਂ 'ਚ ਵੀ ਟੀਕਾਕਰਨ ਕੀਤਾ ਜਾਵੇਗਾ। ਆਯੂਸ਼ਮਾਨ ਸਰਬੱਤ ਸਿਹਤ ਬੀਮਾ ਨਾਲ ਜੋੜੇ ਗਏ ਇਨ੍ਹਾਂ 100 ਨਿੱਜੀ ਹਸਪਤਾਲਾਂ ਵਿਚ ਟੀਕਾ ਲਗਵਾਉਣ ਵਾਲੇ ਤੋਂ ਪ੍ਰਤੀ ਟੀਕਾ 250 ਰੁਪਏ ਲਏ ਜਾਣਗੇ। ਇਸ ਵਿਚੋਂ 150 ਰੁਪਏ ਸਰਕਾਰ ਦੇ ਖਾਤੇ ਵਿਚ ਜਾਣਗੇ, ਜਦੋਂ ਕਿ 100 ਰੁਪਏ ਨਿੱਜੀ ਹਸਪਤਾਲ ਦੇ ਅਕਾਊਂਟ ਵਿਚ। ਨਿੱਜੀ ਹਸਪਤਾਲਾਂ ਵਿਚ ਟੀਕਾ ਲਗਾਉਣ ਲਈ ਸਟਾਫ ਵੀ ਹਸਪਤਾਲ ਪ੍ਰਸ਼ਾਸਨ ਹੀ ਦੇਵੇਗਾ, ਉਥੇ ਹੀ ਸਰਕਾਰੀ ਹਸਪਤਾਲਾਂ ਵਿਚ ਟੀਕਾ ਮੁਫਤ ਲੱਗੇਗਾ।

ਬਾਕਸ

ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਕੱਲ੍ਹ ਲਈ ਅਸੀਂ ਤਿਆਰ ਹਾਂ। ਸਾਰੇ ਬਲਾਕਾਂ ਦੇ ਐੱਸਐੱਮਓ ਨਾਲ ਬੈਠਕ ਕੀਤੀ ਗਈ ਹੈ। ਜ਼ਿਲ੍ਹੇ ਦੇ 100 ਨਿੱਜੀ ਹਸਪਤਾਲਾਂ ਵਿਚ ਟੀਕਾਕਰਨ ਸ਼ੁਰੂ ਕਰਨ ਦੀ ਪ੍ਰਕਿਰਿਆ ਜਾਰੀ ਹੈ। ਸਰਕਾਰੀ ਹਸਪਤਾਲਾਂ ਵਿਚ ਤਾਂ ਸੋਮਵਾਰ ਤੋਂ ਹੀ ਦੂਜਾ ਪੜਾਅ ਸ਼ੁਰੂ ਹੋ ਜਾਵੇਗਾ। ਹਾਲਾਂਕਿ ਨਿੱਜੀ ਹਸਪਤਾਲਾਂ ਵਿਚ ਇੱਕ ਦੋ ਦਿਨ ਦਾ ਵਕਤ ਲੱਗ ਸਕਦਾ ਹੈ।