ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਵਾਇਰਸ ਨੂੰ ਪਸਤ ਕਰਨ ਲਈ ਸਿਹਤ ਵਿਭਾਗ ਨੇ ਕੋਵੀਸ਼ੀਲਡ ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ। ਸੋਮਵਾਰ ਨੂੰ ਜ਼ਿਲ੍ਹੇ ਦੇ 15 ਸਰਕਾਰੀ ਅਤੇ ਤਿੰਨ ਨਿੱਜੀ ਹਸਪਤਾਲਾਂ ਵਿਚ 45 ਤੋਂ 59 ਉਮਰ ਵਰਗ ਅਤੇ 60 ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੂੰ ਟੀਕਾ ਲਗਾਇਆ ਗਿਆ। ਹਾਲਾਂਕਿ ਦੂਜੇ ਪੜਾਅ ਦੇ ਪਹਿਲੇ ਦਿਨ ਆਨਲਾਈਨ ਰਜਿਸਟਰੇਸ਼ਨ ਦੀ ਪ੍ਰਕਿਰਿਆ ਸੁਸਤ ਰਹੀ। ਸਰਕਾਰ ਦੀ ਕੋਵਿਨ 2.0 ਐਪ ਰੁਕ-ਰੁਕ ਕੇ ਚੱਲੀ। ਅਜਿਹੇ ਵਿਚ ਲੋਕਾਂ ਦਾ ਰਜਿਸਟ੍ਰੇਸ਼ਨ ਨਹੀਂ ਹੋਇਆ। ਅਜਿਹੀ ਹਾਲਤ ਵਿਚ ਸਰਕਾਰੀ ਹਸਪਤਾਲਾਂ ਵਿਚ ਆਏ ਲੋਕਾਂ ਦੇ ਆਈਡੀ ਪਰੂਫ਼ ਅਤੇ ਮੈਡੀਕਲ ਸਰਟੀਫਿਕੇਟ ਜਮ੍ਹਾ ਕਰਕੇ ਟੀਕਾਕਰਨ ਕੀਤਾ ਗਿਆ। ਸਿਹਤ ਵਿਭਾਗ ਅਨੁਸਾਰ ਇਨ੍ਹਾਂ ਲੋਕਾਂ ਦਾ ਆਨਲਾਈਨ ਰਜਿਸਟਰੇਸ਼ਨ ਵੀ ਹੋਵੇਗਾ।

ਦੂਜੇ ਪੜਾਅ ਦੀ ਸ਼ੁਰੂਆਤ ਕਾਫ਼ੀ ਠੰਢੀ ਰਹੀ ਹੈ। ਪਹਿਲੇ ਦਿਨ 45 ਤੋਂ 59 ਸਾਲ ਦੇ 16 ਲੋਕਾਂ ਨੇ ਕੋਵੀਸ਼ੀਲਡ ਦਾ ਟੀਕਾ ਲਗਵਾਇਆ, ਜਦੋਂ ਕਿ 60 ਤੋਂ ਜ਼ਿਆਦਾ ਉਮਰ ਦੇ 70 ਬਜ਼ੁਰਗਾਂ ਨੇ ਕੋਰੋਨਾ ਤੋਂ ਸੁਰੱਖਿਆ ਦਾ ਕਵਚ ਪਾਇਆ। ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਲੋਕਾਂ ਨੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਟੀਕਾ ਲਗਵਾਉਣ ਨੂੰ ਤਰਜੀਹ ਦਿੱਤੀ। ਪ੍ਰਰਾਈਵੇਟ ਹਸਪਤਾਲਾਂ ਵਿਚ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ਸਿਰਫ਼ ਪੰਜ ਸੀ। ਇਹ ਪੰਜ ਲੋਕ ਵੀ 60 ਸਾਲ ਤੋਂ ਜ਼ਿਆਦਾ ਉਮਰ ਦੇ ਸਨ, ਉਥੇ ਹੀ ਸਰਕਾਰੀ ਹਸਪਤਾਲਾਂ ਵਿਚ 81 ਲੋਕਾਂ ਨੇ ਟੀਕਾ ਲਗਵਾਇਆ। ਇਨ੍ਹਾਂ ਵਿਚ 65 ਲੋਕ 60 ਤੋਂ ਉਮਰ ਵਰਗ ਦੇ ਸਨ। ਜ਼ਿਲ੍ਹੇ ਦੇ 16 ਸਰਕਾਰੀ ਅਤੇ ਤਿੰਨ ਨਿੱਜੀ ਹਸਪਤਾਲਾਂ ਵਿਚ ਕੋਰੋਨਾ ਟੀਕਾਕਰਨ ਕੀਤਾ ਗਿਆ। ਇਨ੍ਹਾਂ ਵਿਚ ਸਿਹਤ ਕਾਮਿਆਂ ਅਤੇ ਫਰੰਟ ਲਾਈਨ ਵਾਰੀਅਰਸ ਨੇ ਵੀ ਡੋਜ਼ ਲੁਆਈ। ਅੱਜ 96 ਸਿਹਤ ਕਾਮਿਆਂ ਅਤੇ 547 ਫਰੰਟ ਲਾਈਨ ਵਾਰੀਅਰਸ ਨੇ ਟੀਕਾ ਲਗਵਾਇਆ, ਉਥੇ ਹੀ 210 ਸਿਹਤ ਕਾਮਿਆਂ ਨੇ ਦੂਜੀ ਡੋਜ ਲੁਆਈ। ਕੁੱਲ 939 ਨੂੰ ਟੀਕਾ ਲਗਾਇਆ ਗਿਆ।

ਬਾਕਸ

ਅੱਜ ਵੀਹ ਨਿੱਜੀ ਹਸਪਤਾਲਾਂ 'ਚ ਹੋਵੇਗਾ ਟੀਕਾਕਰਨ

ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸੋਮਵਾਰ ਨੂੰ ਤਿੰਨ ਨਿੱਜੀ ਹਸਪਤਾਲ ਟੀਕਾਕਰਨ ਅਭਿਆਨ ਵਿਚ ਜੁੜੇ ਸਨ। ਜ਼ਿਲ੍ਹੇ ਦੇ ਵੀਹ ਵੱਡੇ ਨਿੱਜੀ ਹਸਪਤਾਲਾਂ ਵਿਚ ਮੰਗਲਵਾਰ ਤੋਂ ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਨ੍ਹਾਂ ਵਿਚ ਅਮਨਦੀਪ ਹਸਪਤਾਲ, ਈਐੱਮਸੀ, ਪਾਰਵਤੀ ਦੇਵੀ ਹਸਪਤਾਲ, ਲਾਈਫ ਕੇਅਰ ਵਰਗੇ ਵੱਡੇ ਹਸਪਤਾਲ ਸ਼ਾਮਿਲ ਹਨ। ਇਨ੍ਹਾਂ ਹਸਪਤਾਲਾਂ ਵਿਚ 250 ਰੁਪਏ ਦੇਕੇ ਟੀਕਾ ਲਗਵਾਇਆ ਜਾ ਸਕਦਾ ਹੈ, ਜਦੋਂ ਕਿ ਸਰਕਾਰੀ ਹਸਪਤਾਲਾਂ ਵਿਚ ਇਹ ਮੁਫਤ ਹੈ। ਨਿੱਜੀ ਹਸਪਤਾਲਾਂ ਦੁਆਰਾ ਸਿਹਤ ਵਿਭਾਗ ਵੱਲੋਂ ਟੀਕਾ ਲੈਂਦੇ ਵਕਤ ਹੀ ਭੁਗਤਾਨ ਕੀਤਾ ਜਾਣਾ ਹੈ। ਉਹ 150 ਰੁਪਏ ਵਿਚ ਟੀਕਾ ਖਰੀਦੇਗਾ ਅਤੇ ਇਸ ਨੂੰ ਲਗਾਉਣ ਦੀ ਏਵਜ ਵਿਚ 250 ਰੁਪਏ ਲਵੇਗਾ। ਡਾ. ਚਰਨਜੀਤ ਦੇ ਅਨੁਸਾਰ ਅੱਜ ਪੋਰਟਲ ਵਿਚ ਰਜਿਸਟਰੇਸ਼ਨ ਨਹੀਂ ਹੋਈ, ਪਰ ਅਸੀਂ ਆਫਲਾਈਨ ਰਿਕਾਰਡ ਸਹੇਜ ਕੇ ਟੀਕਾ ਲਗਾਇਆ ਹੈ। ਕੱਲ ਤੋਂ ਪੋਰਟਲ ਪੂਰੀ ਤਰ੍ਹਾਂ ਕੰਮ ਕਰਨ ਲੱਗੇਗਾ। 45 ਤੋਂ 59 ਉਮਰ ਵਰਗ ਦੇ ਲੋਕ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਲਿਆਉਣ। 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਆਈਡੀ ਪਰੂਫ਼ ਲਿਆਉਣਾ ਹੋਵੇਗਾ। 16 ਜਨਵਰੀ ਤੋਂ ਸ਼ੁਰੂ ਹੋਏ ਟੀਕਾਕਰਨ ਅਭਿਆਨ ਦੇ ਤਹਿਤ ਹੁਣ ਤੱਕ ਵੀਹ ਹਜ਼ਾਰ ਲੋਕਾਂ ਦਾ ਟੀਕਾ ਲੱਗ ਚੁੱਕਿਆ ਹੈ। ਇਹ ਟੀਕਾ ਪੂਰਨ ਸੁਰੱਖਿਅਤ ਹੈ।

ਬਾਕਸ . .

ਸਰੀਰਕ ਦੂਰੀ ਦੀਆਂ ਉਡੀਆਂ ਧੱਜੀਆਂ

ਕੋਰੋਨਾ ਟੀਕਾ ਲਗਵਾਉਣ ਆਏ ਲੋਕ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ। ਸਿਵਲ ਹਸਪਤਾਲ ਸਮੇਤ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਊ ਵਿਚ ਸਰੀਰਕ ਦੂਰੀ ਦੇ ਨਿਯਮਾਂ ਦੀ ਜੰਮ ਕੇ ਧੱਜੀਆਂ ਉਡੀਆਂ। ਲੋਕ ਲਾਈਨ ਵਿਚ ਤਾਂ ਖੜ੍ਹੇ ਸਨ, ਪਰ ਦੋ ਗਜ਼ ਦੀ ਦੂਰੀ ਨਹੀਂ ਬਣਾਈ। ਇਕ ਦੂਜੇ ਨੂੰ ਧੱਕਾ-ਮੁੱਕੀ ਕਰਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ। ਇਹ ਲੋਕ ਖੁਦ ਕੋਰੋਨਾ ਤੋਂ ਬਚਣ ਦਾ ਕਵਚ ਪਹਿਨ ਆਏ ਸਨ ਜਾਂ ਕੋਰੋਨਾ ਵੰਡਣ? ਸਿਵਲ ਸਰਜਨ ਡਾ. ਚਰਨਜੀਤ ਨੇ ਸੇਟੇਲਾਈਟ ਹਸਪਤਾਲ ਦੇ ਸਟਾਫ ਨੂੰ ਫਟਕਾਰ ਲਗਾਕੇ ਕਿਹਾ ਕਿ ਲੋਕਾਂ ਨੂੰ ਦੋ ਗਜ ਦੀ ਦੂਰੀ ਬਣਾ ਕੇ ਰੱਖਣਾ ਯਕੀਨੀ ਕੀਤਾ ਜਾਵੇ।