ਪੱਤਰ ਪ੍ਰਰੇਰਕ, ਅੰਮਿ੍ਤਸਰ : ਰੈਕੋਗਨਾਈਜ਼ਡ ਤੇ ਐਫੀਲਿਏਟਡ ਸਕੂਲਜ਼ ਐਸੋਸੀਏਸ਼ਨ (ਰਜਿ:) 'ਰਾਸਾ' ਪੰਜਾਬ ਦੀ ਪ੍ਰਮੁੱਖ ਮੰਗ ਮੰਨਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਅਗਲੇ ਸੈਸ਼ਨ 2021-22 ਤੋਂ ਜੋ ਵੀ ਸਕੂਲ ਬੋਰਡ ਕਲਾਸਾਂ ਦੇ ਸਰਟੀਫਿਕੇਟਾਂ ਦੀਆਂ ਹਾਰਡ ਕਾਪੀਆਂ ਲੈਣਾ ਚਾਹੇਗਾ, ਉਸ ਨੂੰ ਸਿਰਫ 100 ਰੁਪਏ ਪ੍ਰਤੀ ਸਰਟੀਫਿਕੇਟ 'ਚ ਬੋਰਡ ਹਾਰਡ ਕਾਪੀਆਂ ਸਕੂਲਾਂ ਨੂੰ ਜਾਰੀ ਕਰੇਗਾ ਤੇ ਇਹ ਫੀਸ ਪ੍ਰੀਖਿਆ ਫੀਸ ਦੇ ਨਾਲ ਹੀ ਲਈ ਜਾਵੇਗੀ।

ਪਹਿਲਾਂ ਵਿਦਿਆਰਥੀਆਂ ਨੂੰ ਹਾਰਡ ਕਾਪੀ ਲੈਣ ਲਈ ਬੋਰਡ ਦਫਤਰ ਚੰਡੀਗੜ੍ਹ ਜਾਣਾ ਪੈਂਦਾ ਸੀ ਤੇ 800 ਰੁਪਏ ਫੀਸ ਜਮ੍ਹਾ ਕਰਾਉਣ 'ਤੇ ਹਾਰਡ ਕਾਪੀ ਪ੍ਰਾਪਤ ਹੁੰਦੀ ਸੀ। ਇਹ ਜਾਣਕਾਰੀ ਦਿੰਦਿਆਂ ਰਾਸਾ ਪੰਜਾਬ ਦੇ ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ ਨੇ ਦੱਸਿਆ ਕਿ ਇਹ ਫੈਸਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਰਾਸਾ ਦੀ ਬੇਨਤੀ 'ਤੇ ਲਿਆ ਹੈ, ਜਿਸ ਲਈ ਰਾਸਾ ਦੇ ਚੇਅਰਮੈਨ ਪਿ੍ਰੰਸੀਪਲ ਗੁਰਦੀਪ ਸਿੰਘ ਰੰਧਾਵਾ, ਪ੍ਰਧਾਨ ਡਾ. ਰਵਿੰਦਰ ਸਿੰਘ ਮਾਨ ਤੇ ਸੂਬਾ ਗਵਰਨਿੰਗ ਬਾਡੀ ਦੇ ਹੋਰ ਮੈਂਬਰਾਂ ਸੁਖਵਿੰਦਰ ਸਿੰਘ ਭੱਲਾ, ਰਵਿੰਦਰ ਸ਼ਰਮਾ, ਸਕੱਤਰ ਸਿੰਘ ਸੰਧੂ, ਜਗਤਪਾਲ ਮਹਾਜਨ, ਜਗਜੀਤ ਸਿੰਘ, ਹਰਜੀਤ ਸਿੰਘ ਬਰਾੜ, ਸੁਖਮਿੰਦਰ ਸਿੰਘ, ਚਰਨਜੀਤ ਸਿੰਘ ਪਾਰੋਵਾਲ ਤੇ ਬਲਕਾਰ ਸਿੰਘ ਨੇ ਸਮੂਹ ਰਾਸਾ ਪੰਜਾਬ ਵਲੋਂ ਪ੍ਰੋਫੈਸਰ ਯੋਗਰਾਜ ਦਾ ਧੰਨਵਾਦ ਕੀਤਾ।

ਉਨ੍ਹਾਂ ਚੇਅਰਮੈਨ ਸਿੱਖਿਆ ਬੋਰਡ ਨੂੰ ਅਪੀਲ ਕੀਤੀ ਕਿ ਰਾਸਾ ਦੀ ਇਕ ਹੋਰ ਮੰਗ ਪਹਿਲਾਂ ਤੋਂ ਚੱਲ ਰਹੇ ਸਕੂਲਾਂ ਤੋਂ ਐਫਿਲੀਏਸਨ ਲੈਣ ਵੇਲੇ ਸੀਐੱਲਯੂ ਲੈਣ ਦੀ ਸ਼ਰਤ ਨੂੰ ਖਤਮ ਕਰਨਾ ਉਹ ਵੀ ਜਲਦੀ ਪ੍ਰਵਾਨ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸੀਐੱਲਯੂ ਨੂੰ ਖਤਮ ਕਰਾਉਣ ਲਈ ਰਾਸਾ ਵਲੋਂ ਮੁੱਖ ਮੰਤਰੀ, ਸਿੱਖਿਆ ਮੰਤਰੀ, ਸ਼ਹਿਰੀ ਵਿਕਾਸ ਮੰਤਰੀ ਅਤੇ ਚੀਫ ਟਾਊਨ ਪਲਾਨਰ ਪੰਜਾਬ ਨੂੰ ਪੱਤਰ ਵੀ ਲਿਖੇ ਗਏ ਹਨ। ਆਸ ਹੈ ਰਾਸਾ ਦੀ ਇਹ ਮੰਗ ਵੀ ਜਲਦੀ ਪ੍ਰਵਾਨ ਕੀਤੀ ਜਾਵੇਗੀ।