ਬੱਲੂ ਮਹਿਤਾ, ਪੱਟੀ : ਨਸ਼ੇ ਦੀ ਚੇਨ ਨੂੰ ਰੋਕਣ ਲਈ ਬੇਸ਼ੱਕ ਸਰਕਾਰਾਂ ਵੱਲੋਂ ਸਖ਼ਤੀ ਕੀਤੀ ਗਈ ਹੈ ਪਰ ਨਸ਼ੇ ਦੇ ਆਦੀ ਵਿਅਕਤੀ ਅੱਜ ਵੀ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਬੁੱਧਵਾਰ ਰਾਤ ਨੂੰ ਪੱਟੀ ਦੇ ਪਿੰਡ ਆਸਲ ਵਾਸੀ ਇਕ ਵਿਅਕਤੀ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮਿ੍ਤਕ ਪਿੰਡ ਦੀ ਮੌਜੂਦਾ ਕਾਂਗਰਸੀ ਸਰਪੰਚ ਦਾ ਲੜਕਾ ਹੈ ਜੋ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ।

ਸਰਪੰਚ ਬਲਵਿੰਦਰ ਕੌਰ ਪਤਨੀ ਸਵਰਗੀ ਜਸਬੀਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਹਰਪ੍ਰੀਤ ਸਿੰਘ ਨਸ਼ਾ ਕਰਨ ਦਾ ਆਦੀ ਸੀ। ਜਿਸਦਾ ਨਸ਼ਾ ਛੁਡਾਊ ਸੈਂਟਰ ਤੋਂ ਇਲਾਜ ਵੀ ਕਰਵਾਇਆ ਗਿਆ ਸੀ, ਜਿਸ ਨਾਲ ਵੀ ਕੋਈ ਫਰਕ ਨਹੀਂ ਪਿਆ। ਬੀਤੀ ਰਾਤ ਉਸਨੇ ਨਸ਼ੇ ਦਾ ਟੀਕਾ ਲਗਾਇਆ ਜੋ ਉਸ ਲਈ ਜਾਨਲੇਵਾ ਸਾਬਤ ਹੋਇਆ। ਇਸ ਮੌਕੇ ਹਾਜ਼ਰ ਰਿਸ਼ਤੇਦਾਰਾਂ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪਹਿਲਾਂ ਸੂਬੇ ਵਿਚ ਕਰਫਿਊ ਲੱਗਾ ਸੀ ਅਤੇ ਹੁਣ ਲਾਕਡਾਊਨ ਜਾਰੀ ਹੈ। ਫਿਰ ਵੀ ਨਸ਼ਾ ਆਮ ਵਾਂਗ ਵਿਕ ਰਿਹਾ ਹੈ। ਪਰ ਨਸ਼ਿਆਂ 'ਤੇ ਅਜੇ ਤਕ ਕੋਈ ਰੋਕ ਨਹੀਂ ਲੱਗੀ। ਮਿ੍ਤਕ ਦੀ ਪਤਨੀ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਜੇਕਰ ਨਸ਼ਾ ਬੰਦ ਹੋ ਜਾਂਦਾ ਤਾਂ ਉਸਦਾ ਸੁਹਾਗ ਨਾ ਉੱਜੜਦਾ। ਬਾਅਦ ਦੁਪਹਿਰ ਪਿੰਡ ਦੇ ਸਮਸ਼ਾਨਘਾਟ ਵਿਖੇ ਗਮਗੀਨ ਮਾਹੌਲ 'ਚ ਹਰਪ੍ਰਰੀਤ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਅੰਗਰੇਜ਼ ਸਿੰਘ, ਸੁਖਦੇਵ ਸਿੰਘ, ਗੁਰਜੰਟ ਸਿੰਘ, ਰਿੰਕੂ, ਰੇਸ਼ਮ ਸਿੰਘ, ਮੋਨੂੰ ਅਤੇ ਹੋਰ ਮੋਹਤਬਰਾਂ ਨੇ ਸਰਪੰਚ ਬਲਵਿੰਦਰ ਕੌਰ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।