ਜੇਐੱਨਐੱਨ, ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚਾ ਨੇ 100 ਰੁਪਏ ਕਿੱਲੋ ਦੁੱਧ ਵੇਚਣ ਦੀ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਗੱਲਾਂ ਨੂੰ ਅਫ਼ਵਾਹ ਕਰਾਰ ਦਿੱਤਾ ਹੈ। ਮੋਰਚੇ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਸੌ ਰੁਪਏ ਕਿੱਲੋ ਦੁੱਧ ਵੇਚਣ ਦਾ ਕੋਈ ਪ੍ਰਸਤਾਵ ਹੈ ਤੇ ਨਾ ਹੀ ਇਕ ਤੋਂ ਪੰਜ ਮਾਰਚ ਤਕ ਦੁੱਧ ਦੀ ਸਪਲਾਈ ਬੰਦ ਕਰਨ ਦੀ ਹੀ ਕੋਈ ਯੋਜਨਾ ਹੈ। ਸੰਯੁਕਤ ਮੋਰਚਾ ਦੇ ਆਗੂ ਅਮਰਜੀਤ ਸਿੰਘ ਆਂਸਲ, ਬਲਵਿੰਦਰ ਸਿੰਘ ਦੁਧਾਲਾ ਤੇ ਰਤਨ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਜ਼ਰੀਏ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ 100 ਰੁਪਏ ਲੀਟਰ ਦੁੱਧ ਵੇਚਣਗੇ ਤੇ 1 ਤੋਂ ਲੈ ਕੇ 5 ਮਾਰਚ ਤਕ ਦੁੱਧ ਦੀ ਸਪਲਾਈ ਬੰਦ ਕਰਾਂਗੇ। ਉਨ੍ਹਾਂ ਕਿਹਾ ਕਿ ਕੁਝ ਸਮਾਜ ਵਿਰੋਧੀ ਤਾਕਤਾਂ ਅਜਿਹਾ ਪ੍ਰਚਾਰ ਕਰ ਕੇ ਕਿਸਾਨਾਂ ਤੇ ਆਮ ਲੋਕਾਂ ਦੇ ਵਿਚਕਾਰ ਵਿਵਾਦ ਪੈਦਾ ਕਰਨਾ ਚਾਹੁੰਦੀਆਂ ਹਨ। ਇਹ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ। ਸਾਨੂੰ ਲੋਕਾਂ ਤੋਂ ਮਿਲ ਰਹੇ ਸਮਰਥਨ ਨੂੰ ਰੋਕਣ ਦੀ ਕੋਸ਼ਿਸ਼ ਹੈ। ਕਿਸਾਨ ਦੁੱਧ ਦੀ ਸਪਲਾਈ ਪਹਿਲਾਂ ਵਾਲੇ ਰੇਟ 'ਤੇ ਹੀ ਜਾਰੀ ਰੱਖਾਂਗੇ ਤੇ ਦੁੱਧ ਸਪਲਾਈ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਪਹਿਲਾਂ ਹਰਿਆਣਾ ਦੇ ਹਿਸਾਰ ਤੇ ਫਿਰ ਜੀਂਦ 'ਚ ਖਾਪਾਂ ਤੇ ਕਿਸਾਨਾਂ ਨੇ ਮਿਲ ਕੇ ਦੁੱਧ 100 ਰੁਪਏ ਪ੍ਰਤੀ ਕਿੱਲੋ ਵੇਚਣ ਦਾ ਫ਼ੈਸਲਾ ਕੀਤਾ ਸੀ। ਦਾਅਵਾ ਹੈ ਕਿ ਆਮ ਲੋਕਾਂ ਨੂੰ ਦੁੱਧ ਪੁਰਾਣੀ ਕੀਮਤ 'ਤੇ ਮਿਲੇਗਾ ਪਰ ਸਹਿਕਾਰੀ ਸੰਸਥਾਵਾਂ ਤੋਂ ਇਕ ਲੀਟਰ ਦੁੱਧ ਲਈ 100 ਰੁਪਏ ਵਸੂਲੇ ਜਾਣਗੇ। ਇਸ ਐਲਾਨ ਦੇ ਕੁਝ ਹੀ ਘੰਟਿਆਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਖ਼ੁਦ ਨੂੰ ਇਸ ਫ਼ੈਸਲੇ ਤੋਂ ਅਲੱਗ ਕਰ ਲਿਆ ਹੈ।

Posted By: Seema Anand