ਪੱਤਰ ਪ੍ੇਰਕ, ਤਰਨਤਾਰਨ : ਪੰਜਾਬ ਭਰ 'ਚ ਜ਼ਿਲ੍ਹਾ ਪ੍ਰੀਸ਼ਦ ਅਧੀਨ ਠੇਕੇ 'ਤੇ ਕੰਮ ਕਰਦੇ ਪੇਂਡੂ ਸਿਹਤ ਫਾਰਮਾਸਿਸਟਾਂ ਨੇ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਨਾ ਕੀਤੇ ਜਾਣ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਕੀਤੀ ਜਾ ਰਹੀ ਵਾਅਦਾ ਖ਼ਿਲਾਫ਼ੀ ਖਿਲਾਫ 16 ਫਰਵਰੀ ਨੂੰ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਬਾਜਵਾ ਦੀ ਰਿਹਾਇਸ਼ ਕਾਦੀਆਂ ਗੁਰਦਾਸਪੁਰ ਵਿਖੇ ਹੱਲਾ ਬੋਲ ਰੈਲੀ ਕੀਤੇ ਜਾਣ ਦਾ ਫ਼ੈਸਲਾ ਲਿਆ ਹੈ। ਇਸ ਤਹਿਤ ਪੰਜਾਬ ਭਰ ਦੇ ਸਮੂਹ ਫਾਰਮਾਸਿਸਟ ਇਸ ਦਿਨ ਆਪਣੇ ਪਰਿਵਾਰਾਂ ਸਮੇਤ ਪੰਚਾਇਤ ਮੰਤਰੀ ਖ਼ਿਲਾਫ਼ ਮਹਾ ਰੈਲੀ ਕਰਦਿਆਂ ਉਨ੍ਹਾਂ ਦੀ ਕੋਠੀ ਵੱਲ ਰੋਸ ਮਾਰਚ ਕਰਨਗੇ।

ਉਕਤ ਜਾਣਕਾਰੀ ਦਿੰਦਿਆਂ ਰੂਰਲ ਹੈਲਥ ਫਾਰਮਾਸਿਸਟ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਧਾਨ ਜੋਤ ਰਾਮ ਮਦਨੀਪੁਰ ਨੇ ਕਿਹਾ ਕਿ ਉਹ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਪਿਛਲੇ 4-5 ਮਹੀਨਿਆਂ ਤੋਂ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਪੰਚਾਇਤ ਮੰਤਰੀ ਨਾਲ ਮੀਟਿੰਗਾਂ ਕਰ ਰਹੇ ਹਨ। ਚਾਰ ਮਹੀਨੇ ਪਹਿਲਾਂ ਮੰਤਰੀ ਨੇ ਸਮੂਹ ਫਾਰਮਾਸਿਸਟਾਂ ਨੂੰ ਰੈਗੂਲਰ ਕਰਨ ਦੀ ਮੰਗ ਮਨਜ਼ੂਰ ਕੀਤੀ ਸੀ, ਜਿਸ ਸਬੰਧੀ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕੇਸ ਤਿਆਰ ਕਰਨ ਦੇ ਹੁਕਮ ਦਿੱਤੇ ਸਨ ਪਰ ਅਫ਼ਸਰਸ਼ਾਹੀ ਵੱਲੋਂ ਜਾਣ ਬੁੱਝ ਕੇ ਕੇਸ ਦੇਰੀ ਨਾਲ ਤਿਆਰ ਕੀਤਾ ਗਿਆ। ਸਿਹਤ ਮੰਤਰੀ ਨੇ ਯੂਨੀਅਨ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਕੇਸ ਮੁੱਖ ਮੰਤਰੀ ਕੋਲ ਲਿਜਾ ਕੇ ਗੱਲਬਾਤ ਕਰਨ ਉਪਰੰਤ ਪ੍ਵਾਨਗੀ ਤੋਂ ਬਾਅਦ ਕੈਬਨਿਟ ਵਿਚ ਲੈ ਕੇ ਜਾਣਗੇ ਪਰ ਅਜਿਹਾ ਨਾ ਕਰਕੇ ਉਨ੍ਹਾਂ ਵੱਲੋਂ ਵਾਅਦਾ ਖ਼ਿਲਾਫ਼ੀ ਕੀਤੀ ਗਈ ਹੈ।

ਦੂਸਰੇ ਪਾਸੇ ਐਸੋਸੀਏਸ਼ਨ ਨੇ ਅਧਿਆਪਕਾਂ 'ਤੇ ਪਟਿਆਲਾ ਵਿਖੇ ਹੋਏ ਲਾਠੀਚਾਰਜ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕੈਪਟਨ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਬਣਨ ਸਾਰ ਪਹਿਲੇ ਵਿਧਾਨ ਸਭਾ ਸੈਸ਼ਨ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਦੋ ਸਾਲ ਬੀਤ ਜਾਣ ਦੇ ਬਾਅਦ ਆਪਣਾ ਹੱਕ ਮੰਗ ਰਹੇ ਮੁਲਾਜ਼ਮਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਜਿਸ ਦਾ ਮੰੂਹ ਤੋੜਵਾਂ ਜਵਾਬ ਲੋਕ ਸਭਾ ਚੋਣਾਂ ਸਮੇਂ ਦਿੱਤਾ ਜਾਵੇਗਾ।

ਸੂਬਾ ਪ੍ਧਾਨ ਜੋਤ ਰਾਮ ਨੇ ਕਿਹਾ ਕਿ 2006 'ਚ ਕੈਪਟਨ ਸਰਕਾਰ ਨੇ 1 ਹਜ਼ਾਰ 186 ਪੇਂਡੂ ਹਸਪਤਾਲ ਠੇਕੇ 'ਤੇ ਦਿੱਤੇ ਸਨ, ਜਿਸ ਤਹਿਤ ਫਾਰਮਾਸਿਸਟਾਂ ਨੂੰ ਠੇਕੇ 'ਤੇ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਨੂੰ ਕੰਮ ਕਰਦਿਆਂ ਅੱਜ 13 ਸਾਲ ਹੋ ਚੱੁਕੇ ਹਨ, ਜੋ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਨ ਲਈ ਮਜਬੂਰ ਹਨ। ਹੁਣ ਜਦੋਂ ਪੰਚਾਇਤ ਮੰਤਰੀ ਆਪਣੇ ਵਾਅਦੇ ਤੋਂ ਭੱਜ ਰਹੇ ਹਨ ਤਾਂ ਮਜਬੂਰਨ ਫਾਰਮਾਸਿਸਟਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪੈ ਰਿਹਾ ਹੈ, ਜੋ ਮੰਗਾਂ ਮੰਨੇ ਜਾਣ ਤਕ ਜਾਰੀ ਰਹੇਗਾ। ਅਖੀਰ ਵਿਚ ਐਸੋਸੀਏਸ਼ਨ ਨੇ ਸਰਕਾਰ ਤੇ ਪੰਚਾਇਤ ਮੰਤਰੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਆਉਣ ਵਾਲੇ ਸੈਸ਼ਨ ਦੌਰਾਨ ਫਾਰਮਾਸਿਸਟਾਂ ਨੂੰ ਪੱਕਾ ਨਾ ਕੀਤਾ ਗਿਆ ਤਾਂ 16 ਫਰਵਰੀ ਤੋਂ ਬਾਅਦ ਸੰਘਰਸ਼ ਨੂੰ ਹੋਰ ਭਖਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।