ਜੇਐੱਨਐੱਨ, ਅੰਮ੍ਰਿਤਸਰ : ਸ਼ਹਿਰ ਵਿਚ ਨਸ਼ਾ ਸਮੱਗਲਿੰਗ ਕਰਨ ਦੇ ਦੋਸ਼ ਵਿਚ ਲੋਪੋਕੇ ਥਾਣੇ ਦੀ ਪੁਲਿਸ ਨੇ ਕਾਬੂ ਕੀਤੇ ਚਾਰ ਸਮੱਗਲਰਾਂ ਤੋਂ ਪੁੱਛ ਪੜਤਾਲ ਦੌਰਾਨ ਜਰਨੈਲ ਸਿੰਘ, ਬਲਦੇਵ ਸਿੰਘ ਤੇ ਸੁਖਜਿੰਦਰ ਸਿੰਘ ਨੂੰ ਐੱਫਆਈਆਰ ਵਿਚ ਸ਼ਾਮਲ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਐਤਵਾਰ ਨੂੰ 61.90 ਲੱਖ ਦੀ ਨਗਦੀ ਤੇ ਡਰੱਗ ਮਨੀ ਸਮੇਤ ਕਾਰ ਬਰਾਮਦ ਕੀਤੀ ਹੈ।

ਓਧਰ ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਗਿਰੋਹ ਦੇ ਹੋਰਨਾਂ ਗੁਰਗਿਆਂ ਦੀ ਗਿ੍ਰਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਲੋਪੋਕੇ ਥਾਣੇ ਦੀ ਪੁਲਿਸ ਨੇ 25 ਫਰਵਰੀ ਨੂੰ ਖਿਆਲਾ ਪਿੰਡ ਵਾਸੀ ਸੁਖਜਿੰਦਰ ਸਿੰਘ, ਲੋਧੀਗੁੱਜਰ ਪਿੰਡ ਵਾਸੀ ਟਹਿਲ ਸਿੰਘ, ਮਹਿਲ ਸਿੰਘ ਤੇ ਨੱਥੂਪੁਰਾ ਪਿੰਡ ਵਾਸੀ ਗੁਰਜੰਟ ਸਿੰਘ ਨੂੰ ਹਿਰਾਸਤ ਵਿਚ ਲਿਆ।

ਮੁਲਜ਼ਮਾਂ ਕੋਲੋਂ 29.32 ਲੱਖ ਦੀ ਡਰੱਗ ਮਨੀ, ਦੋ ਪਾਕਿਸਤਾਨੀ ਸਿਮ, ਚਾਈਨਾ ਮੇਡ ਪਿਸਤੌਲ, ਦੋ ਮੈਗਜ਼ੀਨ, 25 ਕਾਰਤੂਸ, ਦੋ ਮੋਬਾਈਲ ਸੈੱਟ ਬਰਾਮਦ ਕੀਤੇ ਸਨ। ਜਾਂਚ ਵਿਚ ਜ਼ਾਹਰ ਹੋਇਆ ਕਿ ਮੁਲਜ਼ਮਾਂ ਦੇ ਇਸ਼ਾਰੇ ’ਤੇ ਪਾਕਿਸਤਾਨ ਤੋਂ ਮੰਗਵਾਈ ਗਈ ਛੇ ਕਿੱਲੋ ਹੈਰੋਇਨ ਕੁਝ ਦਿਨ ਪਹਿਲਾਂ ਬੀਐੱਸਐੱਫ ਨੇ ਭਾਰਤ-ਪਾਕਿ ਸਥਿਤ ਸਰਹੱਦ ਤੋਂ ਬਰਾਮਦ ਕੀਤੀ ਸੀ। ਇਹੀ ਨਹੀਂ ਮੁਲਜ਼ਮ 25 ਕਿੱਲੋ ਹੈਰੋਇਨ ਟਿਕਾਣੇ ਲਾ ਚੁੱਕੀ ਹੈ। ਟਹਿਲ ਸਿੰਘ ਨੇ ਪੁੱਛ ਪੜਤਾਲ ਦੌਰਾਨ ਬਲਦੇਵ, ਸੁਖਵਿੰਦਰ ਤੇ ਜਰਨੈਲ ਸਿੰਘ ਦਾ ਨਾਂ ਲਿਆ ਸੀ।

Posted By: Jagjit Singh