ਜੇਐੱਨਐੱਨ, ਅੰਮਿ੍ਤਸਰ : ਕੰਟੋਨਮੈਂਟ ਥਾਣੇ ਦੀ ਪੁਲਿਸ ਨੇ ਆਰਟੀਆਈ ਐਕਟੀਵਿਸਟ ਵਰੁਣ ਸਰੀਨ ਨੂੰ ਐੱਫਆਈਆਰ ਦਰਜ ਹੋਣ ਦੇ ਚਾਰ ਮਹੀਨੇ ਬਾਅਦ ਗਿ੍ਫ਼ਤਾਰ ਕੀਤਾ ਹੈ। ਹਾਲਾਂਕਿ ਮਾਮਲੇ ਵਿਚ ਧਾਰਾਵਾਂ ਜ਼ਮਾਨਤ ਲਾਇਕ ਹੋਣ ਕਾਰਨ ਉਸ ਨੂੰ ਜ਼ਮਾਨਤ ਬਾਂਡ ਭਰਨ ਤੋਂ ਬਾਅਦ ਤੁਰੰਤ ਰਿਹਾਅ ਕਰ ਦਿੱਤਾ ਗਿਆ। ਮਾਮਲਾ ਨਿਗਮ ਦੀ ਧਮਕੀ ਦੇ ਕੇ ਇਮਾਰਤ ਦਾ ਲੈਂਟਰ ਢਾਹੁਣ ਦੀ ਧਮਕੀ ਦੇ ਕੇ ਪੰਜ ਲੱਖ ਰੁਪਏ ਵਸੂਲ ਕਰਨ ਦੀ ਕੋਸ਼ਿਸ਼ ਦਾ ਹੈ। ਮਾਮਲੇ ਵਿਚ ਪੁਲਿਸ ਮੁਲਜ਼ਮ ਵਰੁਣ ਸਰੀਨ ਦੇ ਚਾਰ ਅਣਪਛਾਤੇ ਸਾਥੀਆਂ ਦੀ ਪਛਾਣ ਘਟਨਾ ਦੇ ਚਾਰ ਮਹੀਨੇ ਬਾਅਦ ਵੀ ਨਹੀਂ ਕਰ ਸਕੀ ਹੈ। ਉੱਧਰ ਸ਼ਿਕਾਇਤਕਰਤਾ ਸੰਤੋਖ ਸਿੰਘ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਕ ਵਾਰ ਵੀ ਉਨ੍ਹਾਂ ਨੂੰ ਚਾਰ ਮੁਲਜ਼ਮਾਂ ਦੀ ਪਛਾਣ ਲਈ ਥਾਣੇ ਨਹੀਂ ਬੁਲਾਇਆ ਤੇ ਨਾ ਹੀ ਉਨ੍ਹਾਂ ਦੀ ਐੱਫਆਈਆਰ ਵਿਚ ਦੋਸ਼ ਮੁਤਾਬਕ ਧਾਰਾਵਾਂ ਲਗਾਈਆਂ ਗਈਆਂ ਹਨ।

ਇਹ ਹੈ ਮਾਮਲਾ

ਫਰੈਂਡਜ਼ ਵਿਊ ਕਾਲੋਨੀ ਵਾਸੀ ਸੰਤੋਖ ਸਿੰਘ ਨੇ ਕੰਟੋਨਮੈਂਟ ਥਾਣੇ ਦੀ ਪੁਲਿਸ ਨੂੰ 7 ਜਨਵਰੀ 2021 ਨੂੰ ਦੱਸਿਆ ਸੀ ਕਿ ਉਹ ਚੌਲਾਂ ਦੇ ਵਪਾਰੀ ਹਨ। ਉਨ੍ਹਾਂ ਨੇ ਘਟਨਾ ਤੋਂ ਕੁਝ ਦਿਨ ਪਹਿਲਾਂ ਆਪਣੇ ਘਰ ਦੇ ਕੋਲ ਇਕ ਪਲਾਟ ਖ਼ਰੀਦਿਆ ਸੀ ਅਤੇ ਉਹ ਉਸ 'ਤੇ ਇਕ ਬਿਲਡਿੰਗ ਦੀ ਉਸਾਰੀ ਕਰ ਰਹੇ ਸਨ। ਇਸ ਗੱਲ ਦਾ ਪਤਾ ਵਰੁਣ ਨੂੰ ਲੱਗਾ ਤਾਂ ਉਸ ਨੇ ਉਨ੍ਹਾਂ ਨੂੰ ਫੋਨ 'ਤੇ ਧਮਕਾਉਣ ਸ਼ੁਰੂ ਕੀਤਾ ਤੇ ਪੰਜ ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਮੁਲਜ਼ਮ ਨੇ ਉਨ੍ਹਾਂ ਨੂੰ ਦੱਸਿਆ ਕਿ ਜੇਕਰ ਉਨ੍ਹਾਂ ਨੇ ਉਕਤ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਤਾਂ ਉਸ ਦੀ ਨਗਰ ਨਿਗਮ ਦੇ ਅਫ਼ਸਰਾਂ ਨਾਲ ਚੰਗੀ ਪਛਾਣ ਹੈ ਅਤੇ ਉਹ ਉਸ ਦੀ ਇਮਾਰਤ ਢਾਹ ਦੇਵੇਗਾ। ਘਟਨਾ ਵਾਲੇ ਦਿਨ ਮੁਲਜ਼ਮ ਆਪਣੇ ਚਾਰ ਸਾਥੀਆਂ ਦੇ ਨਾਲ ਉਨ੍ਹਾਂ ਦੀ ਇਮਾਰਤ ਵਿਚ ਵੜ ਆਇਆ ਅਤੇ ਪੰਜ ਲੱਖ ਦੀ ਮੰਗ ਕਰਨ ਲੱਗਾ। ਜਦੋਂ ਉਨ੍ਹਾਂ ਨੇ ਪੁਲਿਸ ਬੁਲਾਉਣ ਦੀ ਗੱਲ ਕਹੀ ਤਾਂ ਉਸ ਨੇ ਉਨ੍ਹਾਂ ਦੀ ਪਤਨੀ, ਉਨ੍ਹਾਂ ਦੇ (ਸੰਤੋਖ ਸਿੰਘ) ਤੇ ਮਜ਼ਦੂਰਾਂ ਨਾਲ ਕੁੱਟਮਾਰ ਕੀਤੀ ਅਤੇ ਫ਼ਰਾਰ ਹੋ ਗਿਆ। ਕੰਟੋਨਮੈਂਟ ਥਾਣੇ ਦੀ ਪੁਲਿਸ ਨੇ ਘਟਨਾ ਤੋਂ ਬਾਅਦ ਵਰੁਣ ਸਰੀਨ ਤੇ ਉਸ ਦੇ ਚਾਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।