ਜੇਐੱਨਐੱਨ, ਅੰਮਿ੍ਤਸਰ : ਵੀਰਵਾਰ ਸਵੇਰੇ ਕਰੀਬ 6 ਵਜੇ ਭੰਡਾਰੀ ਪੁਲ਼ 'ਤੇ ਦਿੱਲੀ ਤੋਂ ਸੋਨਾ ਲੈ ਕੇ ਪਰਤੇ ਸੁਨਿਆਰੇ ਸੁਰਿੰਦਰ ਕੁਮਾਰ ਨੂੰ ਦਾਤਰ ਮਾਰ ਕੇ ਦੋ ਨਕਾਬਪੋਸ਼ ਲੁਟੇਰੇ ਤਿੰਨ ਕਿੱਲੋ ਸੋਨਾ, 22 ਹਜ਼ਾਰ ਦੀ ਨਕਦੀ ਤੇ ਦੋ ਮੋਬਾਈਲ ਲੁੱਟ ਕੇ ਲੈ ਗਏ। ਸੁਰਿੰਦਰ ਸਿੰਘ ਅਨੁਸਾਰ ਸੋਨੇ ਦੀ ਕੀਮਤ ਕਰੀਬ ਇਕ ਕਰੋੜ ਰੁਪਏ ਹੈ।

ਸੁਰਿੰਦਰ ਕੁਮਾਰ ਵੀਰਵਾਰ ਸਵੇਰੇ ਬੱਸ 'ਚ ਅੰਮਿ੍ਤਸਰ ਪੁੱਜਾ। ਉਹ ਹਾਲ ਗੇਟ ਉਤਰਿਆ। ਰੇਲਵੇ ਸਟੇਸ਼ਨ ਦੀ ਪਾਰਕਿੰਗ ਤੋਂ ਆਪਣੀ ਐਕਟਿਵਾ ਲੈ ਕੇ ਘਰ ਜਾ ਰਿਹਾ ਸੀ ਕਿ ਭੰਡਾਰੀ ਪੁੱਲ 'ਤੇ ਦੋ ਲੁਟੇਰਿਆਂ ਨੇ ਘੇਰ ਲਿਆ ਤੇ ਗੰਭੀਰ ਜ਼ਖ਼ਮੀ ਕਰ ਕੇ ਸੋਨਾ ਲੁੱਟ ਕੇ ਲੈ ਗਏ।

ਜਾਣਕਾਰੀ ਮੁਤਾਬਕ ਸੰਤ ਨਗਰ ਕਟੜਾ ਕਰਮ ਸਿੰਘ ਵਾਸੀ ਸੁਰਿੰਦਰ ਕੁਮਾਰ ਸੁਨਿਆਰੇ ਦਾ ਕੰਮ ਕਰਦੇ ਹਨ। ਸੂਚਨਾ ਮਿਲਣ 'ਤੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਸੁਰਿੰਦਰ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ। ਫਿਲਹਾਲ ਸੁਰਿੰਦਰ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਏਡੀਸੀਪੀ ਕ੍ਰਾਈਮ ਹਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਵਾਰਦਾਤ ਤੋਂ ਤੁਰੰਤ ਬਾਅਦ ਅਲਰਟ ਜਾਰੀ ਕਰ ਦਿੱਤਾ ਸੀ। ਲੁੱਟ ਦੀ ਵਾਰਦਾਤ ਪਿੱਛੇ ਕਿਸੇ ਜਾਣ-ਪਛਾਣ ਵਾਲੇ ਦਾ ਹੱਥ ਲਗਦਾ ਹੈ, ਜਿਸ ਨੂੰ ਪਤਾ ਸੀ ਕਿ ਸੁਰਿੰਦਰ ਕੋਲ ਵੱਡੀ ਮਾਤਰਾ 'ਚ ਸੋਨਾ ਹੈ। ਫਿਲਹਾਲ ਜਾਂਚ ਜਾਰੀ ਹੈ ਤੇ ਜਲਦ ਹੀ ਲੁਟੇਰਿਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ।

ਐਤਵਾਰ ਨੂੰ ਕਰਨਾ ਸੀ ਸ਼ੋਅਰੂਮ ਦਾ ਉਦਘਾਟਨ

ਸੁਰਿੰਦਰ ਕੁਮਾਰ ਨੇ ਨਵਾਂ ਸ਼ੋਅਰੂਮ ਗੁਰੂ ਬਾਜ਼ਾਰ 'ਚ ਤਿਆਰ ਕਰਵਾਇਆ ਹੈ। ਸ਼ੋਅਰੂਮ ਲਈ ਹੀ ਗਹਿਣੇ ਖ਼ਰੀਦਣ ਉਹ ਦਿੱਲੀ ਗਿਆ ਸੀ। ਸ਼ੋਅਰੂਮ ਦਾ ਐਤਵਾਰ ਨੂੰ ਉਦਘਾਟਨ ਕੀਤਾ ਜਾਣਾ ਸੀ ਪਰ ਉਸ ਦੀ ਜ਼ਿੰਦਗੀ ਭਰ ਦੀ ਕਮਾਈ ਮੁਲਜ਼ਮ ਲੁੱਟ ਕੇ ਲੈ ਗਏ।