ਤਰਲੋਚਨ ਸਿੰਘ ਜੋਧਾਨਗਰੀ, ਟਾਂਗਰਾ : ਥਾਣਾ ਖਿਲਚੀਆਂ ਅਧੀਨ ਪੈਂਦੇ ਪਿੰਡ ਛੱਜਲਵੱਡੀ ਵਿਖੇ ਪੰਜਾਬ ਐਂਡ ਸਿੰਧ ਬੈਂਕ 'ਚੋਂ ਦਿਨ-ਦਿਹਾੜੇ ਹਥਿਆਰਬੰਦ ਵਿਅਕਤੀ ਸੁਰੱਖਿਆ ਗਾਰਡ ਦੀ ਰਾਈਫਲ ਅਤੇ 7 ਲੱਖ 83 ਹਜ਼ਾਰ ਰੁਪਏ ਦੇ ਲਗਪਗ ਲੁੱਟ ਕੇ ਫ਼ਰਾਰ ਹੋ ਗਏ।

ਬੈਂਕ ਦੇ ਮੈਨੇਜਰ ਰਾਮ ਨਰਾਇਣ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਪਹਿਰ ਇਕ ਵਜੇ ਦੇ ਲਗਪਗ ਚਾਰ-ਪੰਜ ਹਥਿਆਰਬੰਦ ਵਿਅਕਤੀ ਬੈਂਕ ਵਿਚ ਦਾਖ਼ਲ ਹੋਏ। ਉਨ੍ਹਾਂ ਨੇ ਬੈਂਕ ਵਿਚ ਦਾਖ਼ਲ ਹੁੰਦਿਆਂ ਹੀ ਸੁਰੱਖਿਆ ਗਾਰਡ ਬਖਸ਼ੀਸ਼ ਸਿੰਘ ਨੂੰ ਕਾਬੂ ਕਰਕੇ ਉਸ ਦੀ 12 ਬੋਰ ਦੀ ਰਾਈਫਲ ਖੋਹ ਲਈ। ਲੁਟੇਰਿਆਂ ਨੇ ਬੈਂਕ ਮੈਨੇਜਰ ਅਤੇ ਕੈਸ਼ੀਅਰ ਉੱਪਰ ਪਿਸਤੌਲ ਤਾਣ ਕੇ ਬੈਂਕ 'ਚੋਂ 7,83,000 ਹਜ਼ਾਰ ਰੁਪਏ ਦੇ ਲਗਪਗ ਕੈਸ਼ ਲੁੱਟ ਲਿਆ ਅਤੇ ਸੀਸੀਟੀਵੀ ਕੈਮਰਿਆਂ ਨੂੰ ਵੀ ਤੋੜ ਦਿੱਤਾ ਅਤੇ ਮੁੱਖ ਸਿਸਟਮ ਵੀ ਉਤਾਰ ਲਿਆ।

ਲੁਟੇਰੇ ਇੱਕ ਚਿੱਟੇ ਰੰਗ ਦੀ ਬਰੀਜ਼ਾ ਗੱਡੀ 'ਤੇ ਸਵਾਰ ਹੋ ਕੇ ਖਡੂਰ ਸਾਹਿਬ ਵਾਲੇ ਪਾਸੇ ਨੂੰ ਫ਼ਰਾਰ ਹੋ ਗਏ। ਇਸ ਦੀ ਤੁਰੰਤ ਸੂਚਨਾ ਪੁਲਿਸ ਥਾਣਾ ਖਿਲਚੀਆਂ ਦੇ ਐੱਸਐੱਚਓ ਨੂੰ ਫੋਨ 'ਤੇ ਦਿੱਤੀ ਗਈ ਤਾਂ ਇੰਸਪੈਕਟਰ ਪਰਮਜੀਤ ਸਿੰਘ ਪੁਲਿਸ ਫੋਰਸ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਐੱਸਐੱਸਪੀ ਵਿਕਰਮਜੀਤ ਦੁਗਲ, ਐੱਸਪੀਡੀ ਅਮਨਦੀਪ ਕੌਰ, ਐੱਸਐੱਚਓ ਬਿਕਰਮਜੀਤ ਸਿੰਘ ਥਾਣਾ ਤਰਸਿਕਾ, ਇੰਸਪੈਕਟਰ ਅਮਨਦੀਪ ਸਿੰਘ ਪੁਲਿਸ ਫੋਰਸ ਸਮੇਤ ਘਟਨਾ ਦਾ ਜਾਇਜ਼ਾ ਲੈਣ ਲਈ ਪਹੁੰਚ ਗਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਚਾਰ-ਚੁਫੇਰੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਬਹੁਤ ਜਲਦੀ ਕਾਬੂ ਕਰ ਲਿਆ ਜਾਵੇਗਾ।