ਮਨੋਜ ਕੁਮਾਰ, ਛੇਹਰਟਾ :

ਚੌਕ ਪੁਤਲੀਘਰ ਤੋਂ ਇੰਡੀਆ ਗੇਟ ਛੇਹਰਟਾ ਤਕ ਦੇਸ਼ ਦੇ ਨੰਬਰ ਇਕ ਸ਼ਾਹਰਾਹ 'ਤੇ ਦੋਵੇਂ ਪਾਸੇ ਪਏ ਟੋਏ ਲੋਕਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਇਨ੍ਹਾਂ ਟੋਇਆਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਪਰ ਨਗਰ ਨਿਗਮ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਇਸ ਸੜਕ ਤੋਂ ਰੋਜ਼ਾਨਾ ਮੰਤਰੀ, ਵਿਧਾਇਕ, ਸਿਆਸਤਦਾਨ, ਜ਼ਿਲ੍ਹੇ ਦੇ ਉੱਚ ਅਧਿਕਾਰੀ ਦਿਨ 'ਚ ਕਈ ਵਾਰ ਲੰਘਦੇ ਹਨ। ਸੜਕ ਦਾ ਇਹ ਟੋਟਾ ਹਲਕਾ ਪੱਛਮ 'ਚ ਪੈਂਦਾ ਹੈ ਤੇ ਹਲਕਾ ਵਿਧਾਇਕ ਡਾ. ਰਾਜ ਕੁਮਾਰ ਵਾਰਡਾਂ 'ਚ ਨਵੀਆਂ ਗਲੀਆਂ ਬਣਾਉਣ ਦੇ ਵਿਕਾਸ ਕਾਰਜਾਂ ਦੇ ਉਦਘਾਟਨੀ ਫੀਤੇ ਕੱਟਦੇ ਆਮ ਵੇਖੇ ਜਾ ਸਕਦੇ ਹਨ ਪਰ ਇਸ ਸੜਕ ਵੱਲ ਉਨ੍ਹਾਂ ਦਾ ਵੀ ਧਿਆਨ ਨਹੀਂ। ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਵੀ ਹਲਕਾ ਪੱਛਮ ਤੋਂ ਹਨ ਤੇ ਉਹ ਵੀ ਰੋਜ਼ਾਨਾ ਇਸ ਸੜਕ ਤੋਂ ਦਿਨ 'ਚ ਕਈ ਵਾਰ ਲੰਘਦੇ ਹਨ ਪਰ ਦੇਸ਼ ਦੀ ਸ਼ਾਨ ਮੰਨੀ ਜਾਂਦੀ ਜੀਟੀ ਰੋਡ ਦੇ ਕੁਝ ਕੁ ਕਿਲੋਮੀਟਰ 'ਤੇ ਪਏ ਟੋਏ ਪੂਰਨ ਵੱਲ ਕਿਸੇ ਦਾ ਧਿਆਨ ਨਹੀਂ ਹੈ।

ਜ਼ਿਕਰਯੋਗ ਹੈ ਕਿ ਜੀਟੀ ਰੋਡ 'ਤੇ 22 ਨੰਬਰ ਫਾਟਕ ਨੂੰ ਮੁੜਦੇ ਰਸਤੇ ਤੋਂ ਲੈ ਕੇ ਡੇਲੀ ਨੀਡਜ਼ ਤਕ ਵੀ ਬਹੁਤ ਸਾਰੇ ਡੂੰਘੇ ਟੋਏ ਪਏ ਹੋਏ ਹਨ। ਇਸ ਥਾਂ 'ਤੇ ਬੀਤੀ 15 ਮਈ ਨੂੰ ਟੋਇਆਂ ਕਾਰਨ ਵਾਪਰੇ ਹਾਦਸੇ 'ਚ ਟਰੱਕ ਦੀ ਫੇਟ ਲੱਗਣ ਨਾਲ ਐਕਟਿਵਾ ਸਵਾਰ ਅੌਰਤ ਦੀ ਮੌਤ ਹੋ ਗਈ ਸੀ। ਇਸ 'ਤੇ ਉਕਤ ਅੌਰਤ ਦੇ ਪਰਿਵਾਰ ਨੇ ਡੂੰਘੀ ਨੀਂਦ ਸੁੱਤੇ ਨਿਗਮ ਦੇ ਅਧਿਕਾਰੀਆਂ ਨੂੰ ਜਗਾਉਣ ਲਈ ਪੁਤਲੀਘਰ ਚੌਕ ਤੋਂ ਲੈ ਕੇ ਇੰਡੀਆ ਗੇਟ ਤਕ ਆਪਣੇ ਪਲਿਓਂ ਪੈਸੇ ਖ਼ਰਚ ਕੇ ਟੋਇਆਂ ਨੂੰ ਪੂਰਨ ਦਾ ਯਤਨ ਕੀਤਾ ਸੀ। ਇਸ ਸਮੇਂ ਦੌਰਾਨ ਕਈ ਵਾਰ ਬਾਰਿਸ਼ ਪੈ ਜਾਣ 'ਤੇ ਸੜਕ 'ਤੇ ਹੋਰ ਟੋਏ ਪੈ ਗਏ ਪਰ ਨਿਗਮ ਦੇ ਅਧਿਕਾਰੀਆਂ ਦੀ ਨੀਂਦ ਅਜੇ ਵੀ ਨਹੀਂ ਖੁੱਲ੍ਹੀ।

ਗਠਜੋੜ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਸੰਭਾਲ ਕਰਨ 'ਚ ਵੀ ਅਸਫਲ ਰਹੀ ਕੈਪਟਨ ਸਰਕਾਰ : ਕੌਂਸਲਰ ਅਰਵਿੰਦ ਸ਼ਰਮਾ

ਵਾਰਡ ਨੰਬਰ 82 ਦੇ ਕੌਂਸਲਰ ਅਰਵਿੰਦ ਸ਼ਰਮਾ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਅੰਮਿ੍ਤਸਰ ਲਈ ਵਿਰਾਸਤੀ ਮਾਰਗ, ਗੋਲਡਨ ਗੇਟ, ਬੀਆਰਟੀਐੱਸ ਪ੍ਰਰਾਜੈਕਟ, ਵਧੀਆ ਸੜਕਾਂ ਸਮੇਤ ਹੋਰ ਬਹੁਤ ਸਾਰੇ ਯਾਦਗਾਰੀ ਵਿਕਾਸ ਦੇ ਕੰਮ ਕੀਤੇ ਸਨ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਸੱਤਾ 'ਚ ਆਈ ਕਾਂਗਰਸ ਸਰਕਾਰ ਦਾ ਕਾਰਜਕਾਲ ਵੀ ਹੁਣ ਪੂਰਾ ਹੋਣ ਵਾਲਾ ਹੈ ਪਰ ਇਸ ਸਰਕਾਰ ਨੇ ਅੰਮਿ੍ਤਸਰ ਲਈ ਇਕ ਵੀ ਵਿਕਾਸ ਦਾ ਅਜਿਹਾ ਕੰਮ ਨਹੀਂ ਕੀਤਾ ਜਿਸ ਲਈ ਜਨਤਾ ਇਸ ਨੂੰ ਯਾਦ ਰੱਖੇ। ਉਨ੍ਹਾਂ ਕਿਹਾ ਕਿ ਇਹ ਸਰਕਾਰ ਤਾਂ ਪਿਛਲੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਸੰਭਾਲ ਕਰਨ 'ਚ ਵੀ ਬੁਰੀ ਤਰ੍ਹਾਂ ਅਸਫਲ ਰਹੀ ਹੈ। ਇਸ ਕੋਲੋਂ ਤਾਂ ਦੇਸ਼ ਦੀ ਨੰਬਰ ਵਨ ਸੜਕ ਦੀ ਪੁਤਲੀਘਰ ਚੌਕ ਤੋਂ ਲੈ ਕੇ ਇੰਡੀਆ ਗੇਟ ਤਕ ਮੁਰੰਮਤ ਵੀ ਨਹੀਂ ਕਰਵਾਈ ਜਾ ਰਹੀ, ਜਿਥੇ ਪਏ ਡੂੰਘੇ ਟੋਇਆਂ ਕਾਰਨ ਆਏ ਦਿਨ ਵਾਪਰ ਰਹੇ ਸੜਕ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਜਾ ਰਹੀਆਂ ਹਨ।

ਟੋਇਆਂ ਕਾਰਨ ਹਾਦਸਿਆਂ ਲਈ ਹਲਕਾ ਵਿਧਾਇਕ ਜ਼ਿੰਮੇਵਾਰ : ਐਡਵੋਕੇਟ ਰਾਜੀਵ ਭਗਤ

ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਤੋਂ ਆਗੂ ਐਡਵੋਕੇਟ ਰਾਜੀਵ ਭਗਤ ਨੇ ਕਿਹਾ ਕਿ ਇਨ੍ਹਾਂ ਟੋਇਆਂ ਕਾਰਨ ਵਾਪਰ ਰਹੇ ਹਾਦਸਿਆਂ ਲਈ ਹਲਕਾ ਵਿਧਾਇਕ, ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਦਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਕੁਝ ਦਿਨਾਂ ਤਕ ਸੜਕ ਦੀ ਮੁਰੰਮਤ ਨਾ ਕੀਤੀ ਗਈ ਤਾਂ ਫਿਰ ਬਰਸਾਤ ਦਾ ਮੌਸਮ ਸ਼ੁਰੂ ਹੋ ਜਾਣਾ ਹੈ, ਜਿਸ 'ਤੇ ਇਹ ਟੋਏ ਹੋਰ ਡੰੂਘੇ ਹੋ ਜਾਣ 'ਤੇ ਲੋਕਾਂ ਲਈ ਜਾਨ ਦਾ ਖੌਅ ਬਣਨਗੇ।