ਰਵੀ ਖਹਿਰਾ, ਖਡੂਰ ਸਾਹਿਬ : ਪੰਜਾਬ ਸਰਕਾਰ ਵੱਲੋਂ ਹਾਕੀ ਜਗਤ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਏਸ਼ੀਆ ਕੱਪ ਦੇ ਹੀਰੋ ਰਹੇ ਅਕਾਸ਼ਦੀਪ ਸਿੰਘ ਦਾ ਨਾਂ ਅਰਜੁਨ ਐਵਾਰਡ ਲਈ ਸਿਫਾਰਸ਼ ਕਰਨ 'ਤੇ ਪਰਿਵਾਰਕ ਮੈਂਬਰਾਂ ਵਿਚ ਖੁਸ਼ੀ ਦਾ ਮਾਹੌਲ ਹੈ।

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵੈਰੋਵਾਲ ਬਾਵਿਆ ਵਿਖੇ ਅਕਾਸ਼ਦੀਪ ਸਿੰਘ ਦੇ ਪਿਤਾ ਸਾਬਕਾ ਇੰਸਪੈਕਟਰ ਸੁਰਿੰਦਰਪਾਲ ਸਿੰਘ, ਮਾਤਾ ਗੁਰਮੀਤ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੁਧਿਆਣਾ 'ਚ ਸੁਰਜੀਤ ਹਾਕੀ ਅਕੈਡਮੀ ਵੱਲੋਂ ਅਕਾਸ਼ਦੀਪ ਨੇ ਮਨਿੰਦਰ ਮੁਨਸ਼ੀ ਟੂਰਨਾਮੈਟ, ਬਲਵੰਤ ਕਪੂਰ ਟੂਰਨਾਮੈਟ, ਐਮਐਸ ਵੋਹਰਾ ਟੂਰਨਾਮੈਂਟ ਨਹਿਰੂ ਆਦਿ ਟੂਰਨਾਮੈਂਟ ਵਿਚ ਭਾਗ ਲੈ ਕੇ ਬੈਸਟ ਫਾਰਵਰਡ ਅਤੇ ਕਈ ਹੋਰ ਇਨਾਮ ਹਾਸਲ ਕੀਤੇ।


2012 ਵਿਚ ਭਾਰਤੀ ਹਾਕੀ ਟੀਮ ਵੱਲੋਂ ਖੇਡ ਕੇ ਟਰਾਫੀ ਜਿੱਤਣ ਵਿਚ ਯੋਗਦਾਨ ਪਾਇਆ। 2014 ਵਿਚ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਆਪਣੇ ਪਿੰਡ ਵੈਰੋਵਾਲ ਬਾਵਿਆ ਦਾ ਦੁਨੀਆ ਭਰ ਵਿਚ ਰੌਸ਼ਨ ਕੀਤਾ। 2014 ਗਲਾਸਗੋ ਵਿਚ ਸਿਲਵਰ ਤਗਮਾ ਆਪਣੇ ਨਾਂ ਕਰਨ ਵਾਲੇ ਅਕਾਸ਼ਦੀਪ ਨੇ 2015 ਵਿਚ ਹੋਏ ਵਰਲਡ ਹਾਕੀ ਲੀਗ 'ਚ ਤਾਂਬੇ ਦਾ ਤਗਮਾ ਵੀ ਜਿੱਤਿਆ।

2016 ਵਿਚ ਆਪਣੇ ਵਿਰੋਧੀ ਦੇਸ਼ ਪਾਕਿਸਤਾਨ ਨੂੰ ਫਾਈਨਲ ਮੈਚ ਵਿਚ ਹਰਾ ਕੇ ਮੁੱਖ ਜੇਤੂ ਰਹੀ ਭਾਰਤੀ ਵਿਚ ਅਕਾਸ਼ਦੀਪ ਦਾ ਅਹਿਮ ਰੋਲ ਰਿਹਾ, ਜਦੋਂਕਿ 2016 ਵਿਚ ਹੋਏ ਏਸ਼ੀਅਨ ਕੱਪ ਵਿਚ ਭਾਰਤੀ ਟੀਮ ਨੇ ਸੋਨ ਤਗਮਾ ਜਿੱਤਿਆ ਸੀ। ਅਕਾਸ਼ਦੀਪ ਨੂੰ ਹੀਰੋ ਆਫ ਏਸ਼ੀਆ ਕੱਪ ਦਾ ਖਿਤਾਬ ਵੀ ਮਿਲਿਆ।

ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਵੇਲੇ ਅਕਾਸ਼ਦੀਪ ਪੰਜਾਬ ਪੁਲਿਸ ਵਿਚ ਡੀਐੱਸਪੀ ਦੇ ਅਹੁਦੇ 'ਤੇ ਤਾਇਨਾਤ ਹੈ ਅਤੇ ਉਨ੍ਹਾਂ ਦਾ ਵੱਡਾ ਲੜਕਾ ਪ੍ਰਭਜੀਪ ਸਿੰਘ ਵੀ ਭਾਰਤੀ ਹਾਕੀ ਟੀਮ ਲਈ ਖੇਡ ਚੁੱਕਾ ਹੈ। ਇਸ ਵੇਲੇ ਉਹ ਪੰਜਾਬ ਐਂਡ ਸਿੰਧ ਬੈਂਕ ਵਿਚ ਨੌਕਰੀ ਕਰ ਰਿਹਾ ਹੈ ਅਤੇ ਹੁਣ ਉਨ੍ਹਾਂ ਨੂੰ ਉਸ ਦਿਨ ਦਾ ਇੰਤਜ਼ਾਰ ਹੈ, ਜਿਸ ਦਿਨ ਅਕਾਸ਼ਦੀਪ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

Posted By: Jagjit Singh