ਜੇਐੱਨਐੱਨ, ਬਿਆਸ : ਬਿਆਸ ਥਾਣੇ ਤਹਿਤ ਪੈਂਦੇ ਇੱਕ ਨਿੱਜੀ ਸਕੂਲ ਵਿਚ ਸੱਤ ਸਾਲ ਦੀ ਬੱਚੀ ਨੂੰ ਸਕੂਲ ਦੇ ਹੀ 15 ਸਾਲ ਦੇ ਵਿਦਿਆਰਥੀ ਨੇ ਸ਼ੁੱਕਰਵਾਰ ਸਵੇਰੇ ਹਵਸ ਦਾ ਸ਼ਿਕਾਰ ਬਣਾ ਲਿਆ। ਘਟਨਾ ਬਾਰੇ ਪਤਾ ਲੱਗਦਿਆਂ ਹੀ ਸਕੂਲ ਕੰਪਲੈਕਸ ਵਿਚ ਤਰਥੱਲੀ ਮਚ ਗਈ। ਦੇਰ ਸ਼ਾਮ ਪੀੜਤ ਬੱਚੀ ਦਾ ਸਰਕਾਰੀ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ।

ਜਬਰ ਜਨਾਹ ਦੀ ਪੁਸ਼ਟੀ ਹੋਣ ਪਿੱਛੋਂ ਪੁਲਿਸ ਨੇ ਵਿਦਿਆਰਥੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਵਿਦਿਆਰਥੀ ਨੂੰ ਗਿ੍ਫ਼ਤਾਰ ਕਰ ਲਿਆ ਹੈ। ਉਧਰ ਐੱਸਐੱਸਪੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾ ਰਹੀ ਹੈ ਕਿਉਂਕਿ ਮੁਲਜ਼ਮ ਵੀ ਅਜੇ ਨਾਬਾਲਿਗ ਹੈ।

ਪੀੜਤ ਪਰਿਵਾਰ ਨੇ ਬਿਆਸ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਬਿਆਸ ਸਥਿਤ ਇੱਕ ਨਿੱਜੀ ਸਕੂਲ ਵਿਚ ਦੂਜੀ ਜਮਾਤ ਵਿਚ ਪੜ੍ਹਦੀ ਹੈ। ਸ਼ੁੱਕਰਵਾਰ ਸਵੇਰੇ ਅੱਠ ਵਜੇ ਉਹ ਆਪਣੇ ਬੇਟੀ ਨੂੰ ਸਕੂਲ ਛੱਡ ਆਏ ਸਨ। ਲਗਪਗ ਦੋ ਵਜੇ ਉਨ੍ਹਾਂ ਨੂੰ ਸਕੂਲ ਮੈਨੇਜਮੈਂਟ ਨੇ ਫੋਨ 'ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਬੇਟੀ ਸਕੂਲ ਵਿਚ ਰੋ ਰਹੀ ਹੈ।

ਸਕੂਲ ਪੁੱਜ ਕੇ ਜਦੋਂ ਪੀੜਤ ਪਰਿਵਾਰ ਨੇ ਬੱਚੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਕੂਲ ਵਿਚ ਹੀ ਪੜ੍ਹਦੇ 15 ਸਾਲ ਦੇ ਮੁੰਡੇ ਨੇ ਉਸ ਨਾਲ ਬਦਤਮੀਜ਼ੀ ਕੀਤੀ ਹੈ। ਉਹ ਬੇਟੀ ਨੂੰ ਘਰ ਲੈ ਆਏ। ਕੁਝ ਦੇਰ ਬਾਅਦ ਬੱਚੀ ਨੇ ਮਾਂ ਨੂੰ ਉਸ ਨਾਲ ਹੋਈ ਜਬਰ ਜਨਾਹ ਦੀ ਸਾਰੀ ਘਟਨਾ ਦੱਸ ਦਿੱਤੀ। ਇਸ ਪਿੱਛੋਂ ਉਨ੍ਹਾਂ ਨੇ ਸਕੂਲ ਮੈਨੇਜਮੈਂਟ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।