ਜੇਐੱਨਐੱਨ, ਅੰਮਿ੍ਤਸਰ : ਭਿੰਡੀ ਸੈਦਾਂ ਦੇ ਇਕ ਪਿੰਡ ਵਿਚ ਛੇ ਮਹੀਨੇ ਪਹਿਲਾਂ ਅੌਰਤ ਨਾਲ ਉਸ ਦੇ ਜੀਜੇ ਨੇ ਜਬਰ ਜਨਾਹ ਕੀਤਾ ਸੀ। ਦੋਸ਼ ਹੈ ਕਿ ਘਟਨਾ ਦੌਰਾਨ ਮੌਕੇ 'ਤੇ ਮੌਜੂਦ ਹੋਰ ਰਿਸ਼ਤੇਦਾਰਾਂ ਨੇ ਵਾਰਦਾਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਛੇ ਮਹੀਨਿਆਂ ਦੀ ਜਾਂਚ ਤੋਂ ਬਾਅਦ ਮੁੱਖ ਮੁਲਜ਼ਮ ਜੱਸਾ ਸਿੰਘ, ਉਸ ਦੀ ਪਤਨੀ ਸਮੇਤ ਛੇ ਰਿਸ਼ਤੇਦਾਰਾਂ 'ਤੇ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਅੌਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਜੀਜਾ ਜੱਸਾ ਸਿੰਘ ਉਸ 'ਤੇ ਪਹਿਲਾਂ ਤੋਂ ਬੁਰੀ ਨਜ਼ਰ ਰੱਖਦਾ ਸੀ। 25 ਅਪ੍ਰਰੈਲ 2019 ਦੀ ਸ਼ਾਮ ਉਹ ਘਰ ਵਿਚ ਆਪਣੀ ਨਣਾਨ ਨਾਲ ਕੰਮ ਕਰ ਰਹੀ ਸੀ। ਉਸ ਦਾ ਜੀਜਾ ਉੱਥੇ ਪਹੁੰਚ ਗਿਆ ਅਤੇ ਉਸ ਨੂੰ ਬਾਂਹ ਤੋਂ ਘਸੀਟ ਕੇ ਕਮਰੇ ਵਿਚ ਲੈ ਗਿਆ। ਮੁਲਜ਼ਮ ਨੇ ਉਸ ਨਾਲ ਜਬਰ ਜਨਾਹ ਕੀਤਾ। ਬਾਹਰ ਉਸ ਦੀ ਨਣਾਨ ਉਸ ਨੂੰ ਬਚਾਉਣ ਲਈ ਰੌਲਾ ਪਾਉਂਦੀ ਰਹੀ ਪਰ ਉਸ ਦੀ ਸਹਾਇਤਾ ਕਰਨ ਕੋਈ ਨਹੀਂ ਆਇਆ। ਪੀੜਤਾ ਨੇ ਦੱਸਿਆ ਕਿ ਨਣਾਨ ਦਾ ਰੌਲਾ ਸੁਣ ਕੇ ਜੱਸਾ ਸਿੰਘ ਦੀ ਪਤਨੀ ਸੋਨਾ ਕੌਰ, ਹੋਰ ਰਿਸ਼ਤੇਦਾਰ ਸਾਹਿਬ ਸਿੰਘ, ਰਾਜਬੀਰ ਸਿੰਘ, ਰਤਨ ਸਿੰਘ ਅਤੇ ਸ਼ਿੰਦਾ ਸਿੰਘ ਘਰ ਵਿਚ ਪਹੁੰਚ ਗਏ ਸਨ ਪਰ ਕਿਸੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।