ਪੰਜਾਬੀ ਜਾਗਰਣ ਟੀਮ, ਜੰਡਿਆਲਾ ਗੁਰੂ : ''ਅਜੋਕੇ ਦੌਰ ਵਿਚ ਸੂਬੇ ਦੇ ਵਿੱਤੀ ਹਾਲਾਤ ਮਾੜੇ ਹਨ, ਇਸ ਦੇ ਮੱਦੇਨਜ਼ਰ ਕੈਪਟਨ ਸਰਕਾਰ ਦੀ ਜ਼ਿਮੇਵਾਰੀ ਵੱਧ ਜਾਂਦੀ ਹੈ ਕਿ ਉਹ ਵਾਅਦੇ ਮੁਤਾਬਕ ਰੇਤ ਮਾਫੀਆ ਨੂੰ ਨੱਥ ਪਾਵੇ, ਇਹ ਮਾਫੀਆ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਿਹਾ ਹੈ।

ਇਹੀ ਨਹੀਂ ਟਰਾਂਸਪੋਰਟ ਮਾਫੀਆ ਜਾਂ ਸ਼ਰਾਬ ਮਾਫੀਆ ਖ਼ਤਮ ਕਰਨ ਵਿਚ ਪੰਜਾਬ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ''। ਇਹ ਪ੍ਰਗਟਾਵਾ ਇੱਥੇ ਦਿੱਲੀ ਰੈਲੀ ਦੀ ਤਿਆਰੀ ਲਈ ਪਿੰਡਾਂ ਵਿਚ ਕੀਤੀਆਂ ਮੀਟਿੰਗਾਂ ਦੌਰਾਨ ਸਰਵਣ ਸਿੰਘ ਪੰਧੇਰ ਨੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਵਿਚ ਲੋਕਾਂ ਵਿਚ ਅੰਦੋਲਨ ਖਾਤਰ ਜਿਹੜਾ ਉਤਸ਼ਾਹ ਹੈ, ਇਸ ਲਈ ਅਸੀਂ ਕੇਂਦਰ ਸਰਕਾਰ ਨੂੰ ਖੇਤੀ ਸੁਧਾਰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਾਂਗੇ।

ਜੰਡਿਆਲਾ ਗੁਰੂ ਅੰਮਿ੍ਤਸਰ ਵਿਖੇ ਰੇਲ ਰੋਕੋੋ ਅੰਦੋਲਨ ਦੇ 59ਵੇਂ ਦਿਨ ਸੰਬੋਧਨ ਕਰਦਿਆਂ ਜਸਬੀਰ ਸਿੰਘ ਪਿੱਦੀ, ਰਾਣਾ ਰਣਬੀਰ ਸਿੰਘ ਨੇ ਕਿਹਾ ਕਿ 40 ਕਰੋੜ ਰੁਪਏ ਨਾਲ ਟਰੱਕਾਂ ਰਾਹੀਂ ਖਾਦਾਂ, ਜ਼ਰੂਰੀ ਵਸਤਾਂ ਤੇ ਵਪਾਰੀਆਂ ਦੇ ਸਮਾਨ ਦੀ ਢੋਆ ਢੁਆਈ ਹੋ ਸਕਦੀ ਹੈ ਪਰ ਕਿਸਾਨਾਂ ਦਾ ਰਾਖਾ ਅਖਵਾਉਣ ਵਾਲੀ ਸਰਕਾਰ ਨੂੰ ਧਿਆਨ ਦੇਣਾ ਪਵੇਗਾ।

ਕਾਬਿਲੇ ਜ਼ਿਕਰ ਹੈ ਕਿ ਇਸ ਦੌਰਾਨ ਲਖਵਿੰਦਰ ਸਿੰਘ ਵਰਿਆਮਨੰਗਲ, ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ, ਸਵਿੰਦਰ ਸਿੰਘ ਰੂਪੋਵਾਲੀ ਨੇ ਵੀ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਹਨ।