ਜੇਐੱਨਐੱਨ, ਅੰਮ੍ਰਿਤਸਰ : ਅਸੀਂ ਤੁਹਾਡੇ ਸੀਨੀਅਰ ਹਾਂ, ਸਲਾਮ ਠੋਕਿਆ ਕਰੋ। ਵਰਨਾ.. ! ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਰੈਗਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੀਨੀਅਰਾਂ ਨੇ ਜੂਨੀਅਰਾਂ ਨੂੰ ਇਹ ਕਹਿ ਕੇ ਪ੍ਰਤਾੜਤ ਕੀਤਾ ਕਿ ਅਸੀ ਵੱਡੇ ਹਾਂ ਅਤੇ ਵੱਡਿਆਂ ਦੀ ਇੱਜ਼ਤ ਕਰਨਾ ਸਿੱਖੋ। ਮਾਮਲੇੇ ਦੀ ਸ਼ਿਕਾਇਤ ਅਨੁਸ਼ਾਸਨ ਕਮੇਟੀ ਤਕ ਪਹੁੰਚੀ ਤਾਂ 6 ਜੂਨੀਅਰ ਤੇ 7 ਸੀਨੀਅਰ ਸਟੂਡੈਂਟਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਸੀਨੀਅਰਾਂ ਦੇ ਹੋਸਟਲ ਵਿਚ ਆਉਣ ’ਤੇ ਰੋਕ ਲਾ ਦਿੱਤੀ ਗਈ ਹੈ। ਦਰਅਸਲ, ਰੈਗਿੰਗ ਕਰਨ ਵਾਲੇ ਸੀਨੀਅਰ ਅਤੇ ਉਨ੍ਹਾਂ ਦਾ ਕਿਹਾ ਨਾ ਮੰਨਣ ਵਾਲੇ ਜੂਨੀਅਰ ਵਿਦਿਆਰਥੀਆਂ ’ਤੇ ਕਾਲਜ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ। ਮੁਅੱਤਲ ਕੀਤੇ ਗਏ ਵਿਦਿਆਰਥੀਆਂ ਵਿਚ ਫਾਈਨਲ ਪਾਰਟ 2 ਜੂਨੀਅਰ ਦੇ ਵਿਦਿਆਰਥੀ ਵਿਸ਼ਾਲ ਥਾਪਰ, ਅਕਸ਼ ਸਿੰਗਲਾ, ਨੀਰਜ ਕੁਮਾਰ, ਰਿਸ਼ਭ, ਲਵਪ੍ਰੀਤ ਸਿੰਘ ਅਤੇ ਸੁਧਾਂਸ਼ੂ ਹਨ। ਸਾਰਿਆਂ ਨੂੰ ਪੰਦਰਾਂ ਦਿਨਾਂ ਲਈ ਕਲਾਸ ਅਤੇ ਡਿਊਟੀ ਤੋਂ ਹਟਾਇਆ ਗਿਆ ਹੈ। ਨਾਲ ਹੀ ਹੋਸਟਲ ਵਿਚ ਆਉਣ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਉਥੇ ਹੀ ਜਿਨ੍ਹਾਂ ਵਿਦਿਆਰਥੀਆਂ ’ਤੇ ਰੈਗਿੰਗ ਕਰਨ ਦਾ ਦੋਸ਼ ਹੈ, ਉਨ੍ਹਾਂ ਵਿਚ ਐੱਮਬੀਬੀਐੱਸ ਦੇ ਇੰਟਰਨ ਰਣਦੀਪ ਗਿੱਲ, ਮਨਬੀਰ ਸਿੰਘ, ਮਨਦੀਪ ਸਿੰਘ, ਪ੍ਰਿੰਸ ਭੁਟਨ, ਸ਼ੁਭਮ ਕੰਗ ਅਤੇ ਰੋਹਿਤ ਟਕਸਾਲੀ ਸ਼ਾਮਿਲ ਹਨ। ਇਨ੍ਹਾਂ ਨੂੰ ਕਾਲਜ ਪ੍ਰਸ਼ਾਸਨ ਨੇ ਤੀਹ ਦਿਨਾਂ ਲਈ ਇੰਟਰਨਸ਼ਿਪ ਡਿਊਟੀ ਤੋਂ ਸਸਪੈਂਡ ਕੀਤਾ ਹੈ। ਇਹ ਵਿਦਿਆਰਥੀ ਵੀ ਹੋਸਟਲ ਵਿਚ ਪ੍ਰਵੇਸ਼ ਨਹੀਂ ਕਰ ਸਕਣਗੇ।

ਇੰਟਰਨਸ਼ਿਪ ਕਰ ਰਹੇ ਵਿਦਿਆਰਥੀਆਂ ਨੇ ਫਾਇਨਲ ਪਾਰਟਸ-ਟੂ ਦੇ ਵਿਦਿਆਰਥੀਆਂ ਦੀ ਰੈਗਿੰਗ ਕਰਨ ਦੀ ਕੋਸ਼ਿਸ਼ ਕੀਤੀ। ਪਾਰਟ ਟੂ ਦੇ ਵਿਦਿਆਰਥੀਆਂ ਨੇ ਜਦੋਂ ਉਨ੍ਹਾਂ ਦੀ ਗੱਲ ਮੰਨਣ ਤੋਂ ਮਨ੍ਹਾ ਕੀਤਾ ਤਾਂ ਲੜਾਈ ਸ਼ੁਰੂ ਹੋ ਗਈ। ਨੌਬਤ ਹੱਥੋਪਾਈ ਤਕ ਆ ਗਈ। ਦੋਵਾਂ ਧਿਰਾਂ ਵਿਚ ਜੰਮ ਕੇ ਕੁੱਟਮਾਰ ਹੋਈ। ਗੱਲ ਕਾਲਜ ਪ੍ਰਸ਼ਾਸਨ ਤਕ ਪਹੁੰਚੀ ਤਾਂ ਅਨੁਸ਼ਾਸਨ ਕਮੇਟੀ ਨੂੰ ਜਾਂਚ ਸੌਂਪੀ ਗਈ। ਵਾਈਸ ਪ੍ਰਿੰਸੀਪਲ ਡਾ. ਜੇਐੱਸ ਕੁਲਾਰ, ਐਨੇਸਥੀਸਿਆ ਵਿਭਾਗ ਦੀ ਪ੍ਰੋਫੈਸਰ ਡਾ. ਵੀਨਾ ਚਤਰਥ ਅਤੇ ਡਾ. ਕਰਨਜੀਤ ਸਿੰਘ ਨੇ ਜਾਂਚ ਰਿਪੋਰਟ ਤਿਆਰ ਕੀਤੀ।

ਟੀਮ ਨੇ ਪਾਇਆ ਕਿ ਦੋਵਾਂ ਵਲੋਂ ਵਿਦਿਆਰਥੀ ਲੜੇ ਸਨ। ਇਸ ਨਾਲ ਕਾਲਜ ਦਾ ਅਨੁਸ਼ਾਸਨ ਭੰਗ ਹੋਇਆ ਹੈ। ਲਿਹਾਜ਼ਾ ਕਮੇਟੀ ਨੇ ਸਾਰੇ ਵਿਦਿਆਰਥੀਆਂ ’ਤੇ ਵਿਭਾਗੀ ਕਾਰਵਾਈ ਕੀਤੀ। ਵਾਈਸ ਪ੍ਰਿੰਸੀਪਲ ਡਾ. ਜਗਦੇਵ ਸਿੰਘ ਕੁਲਾਰ ਦੇ ਅਨੁਸਾਰ ਸਾਰੇ ਵਿਦਿਆਰਥੀ ਕਾਲਜ ਵਿਚ ਮਿਲਜੁਲ ਕੇ ਰਹਿਣ। ਕਾਲਜ ਪ੍ਰਸ਼ਾਸਨ ਇਸ ਦੇ ਲਈ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਲਈ ਸਵਾਗਤ ਸਮਾਰੋਹ ਵੀ ਕਰਵਾਉਂਦਾ ਹੈ।

ਨਿਊਡ ਰੈਗਿੰਗ ਦੀ ਸ਼ਿਕਾਇਤ ਸੀ ਝੂਠੀ

ਇਸ ਮਹੀਨੇ ਐੱਮਬੀਬੀਐੱਸ ਫਰਸਟ ਈਅਰ ਦੇ ਸਟੂਡੈਂਟਸ ਦੀ ਨਿਊਡ ਰੈਗਿੰਗ ਕਰਨ ਦੀ ਸ਼ਿਕਾਇਤ ਕੇਂਦਰੀ ਐਂਟੀ ਰੈਗਿੰਗ ਹੈਲਪਲਾਈਨ ਤਕ ਪਹੁੰਚੀ ਸੀ। ਕੇਂਦਰੀ ਹੈਲਪਲਾਈਨ ਤੋਂ ਇਸ ਗੱਲ ਦੀ ਜਾਂਚ ਦੇ ਆਦੇਸ਼ ਕਾਲਜ ਪ੍ਰਸ਼ਾਸਨ ਨੂੰ ਦਿੱਤੇ ਸਨ।

ਅਣਪਛਾਤੇ ਸ਼ਿਕਾਇਤਕਰਤਾ ਨੇ ਸੀਨੀਅਰਾਂ ’ਤੇ ਜੂਨੀਅਰਾਂ ਨੂੰ ਨੰਗਾ ਕਰ ਰੈਗਿੰਗ ਕਰਨ ਦੀ ਗੱਲ ਕਹੀ ਸੀ। ਸ਼ਿਕਾਇਤ ’ਤੇ ਮੈਡੀਕਲ ਕਾਲਜ ਦੀ ਐਂਟੀ ਰੈਗਿੰਗ ਕਮੇਟੀ ਨੇ ਫਰਸਟ ਅਤੇ ਸੈਕਿੰਡ ਯੇਅਰ ਦੇ ਵਿਦਿਆਰਥੀਆਂ ਤੋਂ ਪੁੱਛਗਿਛ ਕੀਤੀ। ਕਿਸੇ ਨੇ ਰੈਗਿੰਗ ਦੀ ਗੱਲ ਨਹੀਂ ਕਬੂਲੀ। ਕਮੇਟੀ ਨੇ ਹੋਸਟਲ ਅਤੇ ਆਸਪਾਸ ਦੇ ਏਰੀਏ ਦੀ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ। ਇਸ ਵਿਚ ਵੀ ਰੈਗਿੰਗ ਵਰਗੀ ਕੋਈ ਗੱਲ ਨਹੀਂ ਦਿਖਾਈ ਦਿੱਤੀ।

Posted By: Jagjit Singh