ਜੇਐੱਨਐੱਨ, ਅੰਮਿ੍ਤਸਰ : ਰਸੋਈ 'ਚ ਹਰ ਰੋਜ ਸਰ੍ਹੋਂ ਦਾ ਤੇਲ ਅਤੇ ਲੂਣ ਇਸਤੇਮਾਲ ਹੁੰਦਾ ਹੈ। ਇਨ੍ਹਾਂ ਦੋਵਾਂ ਬਿਨਾਂ ਭੋਜਨ ਤਿਆਰ ਨਹੀਂ ਹੋ ਸਕਦਾ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਸੀ ਜਿਸ ਬਰਾਂਡੇਡ ਲੂਣ ਅਤੇ ਤੇਲ ਦਾ ਇਸਤੇਮਾਲ ਕਰ ਰਹੇ ਹੋ , ਉਹ ਨਕਲੀ ਵੀ ਹੋ ਸਕਦਾ ਹੈ। ਜੀ ਹਾਂ , ਸਿਹਤ ਵਿਭਾਗ ਤੇ ਜ਼ਿਲ੍ਹਾ ਪੁਲਿਸ ਨੇ ਬਟਾਲਾ ਰੋਡ ਸਥਿਤ ਵਿਜੇ ਨਗਰ ਦੀ ਗਲੀ ਨੰਬਰ 9 ਵਿਚ ਛਾਪਾਮਾਰੀ ਕਰ ਕੇ ਤੇਲ ਅਤੇ ਲੂਣ ਦੀ ਕਾਲਾਬਾਜ਼ਾਰੀ ਦਾ ਪਰਦਾਫਾਸ਼ ਕੀਤਾ ਹੈ। ਦਰਅਸਲ ਪ੍ਸਿੱਧ ਲੂਣ ਕੰਪਨੀ ਟਾਟਾ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਕੰਪਨੀ ਦੇ ਪੈਕੇਟਾਂ ਵਿਚ ਨਕਲੀ ਲੂਣ ਭਰ ਕੇ ਵੇਚਿਆ ਜਾ ਰਿਹਾ ਹੈ। ਇਹ ਲੂਣ ਸ਼ਹਿਰ ਦੀਆਂ ਛੋਟੀਆਂ-ਵੱਡੀਆਂ ਦੁਕਾਨਾਂ ਵਿਚ ਭੇਜਿਆ ਜਾਂਦਾ ਹੈ ਅਤੇ ਫਿਰ ਇੱਥੋਂ ਲੋਕਾਂ ਦੀ ਰਸੋਈ ਤੱਕ ਪਹੁੰਚ ਰਿਹਾ ਹੈ। ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਕਮਿਸ਼ਨਰ ਸੁਧਾਂਸ਼ੁ ਸ਼ੇਖਰ ਸ਼੍ਰੀਵਾਸਤਵ ਨੇ ਸੀਆਈਏ ਸਟਾਫ ਦੀ ਇਕ ਟੀਮ ਨੂੰ ਤਿਆਰ ਕੀਤਾ। ਵੀਰਵਾਰ ਨੂੰ ਟੀਮ ਨੇ ਸਿਹਤ ਵਿਭਾਗ ਦੇ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਤੇ ਟਾਟਾ ਕੰਪਨੀ ਦੇ ਅਧਿਕਾਰੀ ਨੂੰ ਨਾਲ ਲੈ ਕੇ ਵਿਜੇ ਨਗਰ ਸਥਿਤ ਇਕ ਗੋਦਾਮ ਵਿਚ ਛਾਪਾਮਾਰੀ ਕੀਤੀ। ਗੋਦਾਮ 'ਚ ਲੂਣ ਦੇ 140 ਪੈਕੇਟ ਬਰਾਮਦ ਹੋਏ। ਟਾਟਾ ਕੰਪਨੀ ਦੇ ਅਧਿਕਾਰੀ ਨੇ ਇਨ੍ਹਾਂ ਪੈਕੇਟਾਂ ਦੀ ਜਾਂਚ ਕੀਤੀ ਤੇ ਕਿਹਾ ਕਿ ਇਹ ਟਾਟਾ ਕੰਪਨੀ ਦਾ ਲੂਣ ਨਹੀਂ ਹੈ। ਪੈਕੇਟ 'ਤੇ ਬੈਚ ਨੰਬਰ ਸਾਡਾ ਨਹੀਂ ਹੈ ਅਤੇ ਨਾ ਹੀ ਕੰਪਨੀ ਇਸ ਤਰ੍ਹਾਂ ਦੀ ਪੈਕਿੰਗ ਕਰਦੀ ਹੈ। ਇਹ ਸਭ ਨਕਲੀ ਹੈ। ਗੋਦਾਮ ਵਿਚ ਡਰੰਮਾਂ ਵਿਚ ਭਰਿਆ 1000 ਲੀਟਰ ਸਰ੍ਹੋਂ ਤੇਲ ਵੀ ਰੱਖਿਆ ਸੀ। ਪੁਲਿਸ ਨੇ ਗੋਦਾਮ 'ਚੋਂ ਤੇਲ ਦੀਆਂ ਖ਼ਾਲੀ ਬੋਤਲਾਂ ਵੀ ਬਰਾਮਦ ਕੀਤੀਆਂ। ਇਹ ਬੋਤਲਾਂ ਵੱਖ-ਵੱਖ ਕੰਪਨੀਆਂ ਦੀਆਂ ਸਨ, ਜਿਨ੍ਹਾਂ 'ਚ ਨਕਲੀ ਸਰ੍ਹੋਂ ਦਾ ਤੇਲ ਪੈਕ ਕਰ ਕੇ ਬਜ਼ਾਰ ਵਿਚ ਵੇਚਿਆ ਜਾਂਦਾ ਸੀ। ਫੈਕਟਰੀ ਵਿਚ ਕੰਮ ਕਰਨ ਵਾਲੇ ਇਕ ਕਾਮੇ ਨੇ ਦੱਸਿਆ ਕਿ ਇਹ ਸਾਰਾ ਸਮਾਨ ਟੰਡਨ ਨਗਰ ਵਿਚ ਰਹਿਣ ਵਾਲਾ ਗੌਰਵ ਨਾਮਕ ਸ਼ਖਸ ਇੱਥੇ ਭੇਜਦਾ ਹੈ ਤੇ ਅਸੀਂ ਇਸ ਨੂੰ ਪੈਕਿੰਗ ਕਰ ਕੇ ਬਾਜ਼ਾਰ 'ਚ ਭੇਜ ਦਿੰਦੇ ਹਾਂ। ਪੁਲਿਸ ਨੇ ਸਾਰਾ ਸਾਮਾਨ ਜ਼ਬਤ ਕਰ ਕੇ ਇਸ ਨੂੰ ਕੇਸ ਪ੍ਰਾਪਰਟੀ ਬਣਾ ਲਿਆ ਹੈ। ਸਿਹਤ ਵਿਭਾਗ ਨੇ ਤੇਲ ਅਤੇ ਲੂਣ ਦੇ ਸੈਂਪਲ ਭਰ ਕੇ ਜਾਂਚ ਲਈ ਲੈਬੋਰੇਟਰੀ ਵਿਚ ਭੇਜੇ ਹਨ। ਇਸ ਦੇ ਨਾਲ ਹੀ ਗੋਦਾਮ ਵੀ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਟੰਡਨ ਨਗਰ 'ਚ ਛਾਪਾ ਮਾਰਿਆ ਪਰ ਗੌਰਵ ਆਪਣੇ ਘਰ ਨਹੀਂ ਮਿਲਿਆ।

ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਇਹ ਸਾਰਾ ਸਾਮਾਨ ਬਿਨਾਂ ਬਿੱਲ ਦੇ ਵੇਚਿਆ ਜਾ ਰਿਹਾ ਸੀ। ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਸ਼ਖਸ ਲੂਣ, ਸਰ੍ਹੋਂ ਦਾ ਤੇਲ, ਪੈਕਿੰਗ ਅਤੇ ਬੋਤਲਾਂ ਕਿੱਥੋ ਮੰਗਵਾਉਂਦਾ ਸੀ। ਏਸੀਪੀ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।