ਜੇਐੱਨਐੱਨ, ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਤੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸਸਕਾਰ ਦਾ ਵਿਰੋਧ ਕਰਨ ਵਾਲੇ ਵੇਰਕਾ ਵਾਸੀਆਂ ਖ਼ਿਲਾਫ਼ ਸਿੱਖ ਸੰਗਤ 'ਚ ਭਾਰੀ ਰੋਸ ਹੈ। ਸ਼੍ਰੋਮਣੀ ਰਾਗੀ ਸਭਾ ਨੇ ਸਰਬਸੰਮਤੀ ਨਾਲ ਫ਼ੈਸਲਾ ਲੈਂਦੇ ਹੋਏ ਵੇਰਕਾ ਕਸਬੇ ਵਿਚ ਹੋਣ ਵਾਲੇ ਕਿਸੇ ਵੀ ਸਮਾਗਮ ਵਿਚ ਕੀਰਤਨ ਨਾ ਕਰਨ ਦਾ ਫ਼ੈਸਲਾ ਲਿਆ ਹੈ। ਸਭਾ ਨੇ ਕਿਹਾ ਕਿ ਭਾਈ ਖ਼ਾਲਸਾ ਦਾ ਅੰਤਿਮ ਸਸਕਾਰ ਕਰਨ ਵਿਚ ਰੁਕਾਵਟ ਖੜ੍ਹੀ ਕਰਨ ਵਾਲੇ ਖੇਤਰ ਦੇ ਆਗੂ ਹਰਪਾਲ ਸਿੰਘ ਅਤੇ ਇਲਾਕੇ ਦੇ ਲੋਕਾਂ ਦੇ ਕਿਸੇ ਵੀ ਧਾਰਮਿਕ ਸਮਾਗਮ ਵਿਚ ਕੀਰਤਨ ਨਹੀਂ ਕਰਨਗੇ।

ਸ਼੍ਰੋਮਣੀ ਰਾਗੀ ਸਭਾ ਦੇ ਸੀਨੀਅਰ ਆਗੂ ਭਾਈ ਓਂਕਾਰ ਸਿੰਘ ਨੇ ਕਿਹਾ ਕਿ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਦਾ ਵੇਰਕਾ ਵਾਸੀਆਂ ਨੇ ਜਿਸ ਤਰ੍ਹਾਂ ਵਿਰੋਧ ਕਰ ਕੇ ਆਪਣੀ ਮਾਨਸਿਕਤਾ ਦਿਖਾਈ ਹੈ, ਉਹ ਬਹੁਤ ਗ਼ਲਤ ਹੈ। ਸਿੱਖ ਕੌਮ ਹਮੇਸ਼ਾ ਹੀ ਸਭ ਦੇ ਭਲੇ ਦੀ ਅਰਦਾਸ ਕਰਦੀ ਹੈ।

ਭਾਈ ਨਿਰਮਲ ਸਿੰਘ ਖ਼ਾਲਸਾ ਨੇ ਹਮੇਸ਼ਾ ਹੀ ਜਗਤ ਦਾ ਭਲਾ ਹੀ ਮੰਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਭਾਈ ਖ਼ਾਲਸਾ ਦੇ ਵੇਰਵਾ ਵਿਖੇ ਸਸਕਾਰ ਮੌਕੇ ਸ਼ਮਸ਼ਾਨਘਾਟ ਨੂੰ ਤਾਲੇ ਲਗਾ ਦਿੱਤੇ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।


ਪ੍ਰਸ਼ਾਸਨ ਜ਼ਿੰਮੇਵਾਰ : ਹਰਪਾਲ ਸਿੰਘ

ਹਰਪਾਲ ਸਿੰਘ ਨੇ ਕਿਹਾ ਹੈ ਕਿ ਪੂਰੇ ਮਾਮਲੇ 'ਚ ਗ਼ਲਤੀ ਪ੍ਰਸ਼ਾਸਨ ਦੀ ਹੈ। ਪ੍ਰਸ਼ਾਸਨ ਨੇ ਚੋਰੀ ਸਸਕਾਰ ਕਰਨਾ ਚਾਹਿਆ ਜਿਸ ਦਾ ਲੋਕਾਂ ਨੇ ਵਿਰੋਧ ਕੀਤਾ। ਸ਼੍ਰੋਮਣੀ ਕਮੇਟੀ ਜੇਕਰ ਗੰਭੀਰ ਸੀ ਤਾਂ ਉਨ੍ਹਾਂ ਨੇ ਆਪਣੇ ਸ਼ਮਸ਼ਾਨਘਾਟ 'ਚ ਸਸਕਾਰ ਕਿਉਂ ਨਹੀਂ ਕਰਨ ਦਿੱਤਾ। ਵੇਰਕਾ ਵਾਲਿਆਂ ਨੇ ਤਾਂ ਪੰਚਾਇਤ ਦੀ ਦੋ ਕਰੋੜ ਦੀ ਥਾਂ ਸਸਕਾਰ ਲਈ ਦਿੱਤੀ ਹੈ।

Posted By: Jagjit Singh