ਮਨੋਜ ਕੁਮਾਰ, ਅੰਮਿ੍ਤਸਰ : ਥਾਣਾ ਮਜੀਠਾ ਅਧੀਨ ਆਉਂਦੇ ਬਟਾਲਾ ਰੋਡ 'ਤੇ ਪੀਡਬਲਿਊਡੀ ਦਫ਼ਤਰ ਨੇੜੇ ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਨੇ ਜੰਮੂ ਵਾਸੀ ਅੌਰਤਾਂ ਕੋਲੋਂ ਪਰਸ ਝਪਟ ਲਿਆ, ਜਿਸ 'ਚ 70,000 ਰੁਪਏ ਸਨ। ਥਾਣਾ ਮਜੀਠਾ ਰੋਡ 'ਚ ਦਰਜ ਕਰਵਾਏ ਬਿਆਨਾਂ 'ਚ ਕੋਮਲ ਵਾਸੀ ਜ਼ਿਲ੍ਹਾ ਸਾਂਬਾ, ਜੰਮੂ ਨੇ ਦੱਸਿਆ ਕਿ ਉਸ ਦੇ ਮਾਤਾ ਕੇਡੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਹਨ। ਉਹ ਐਤਵਾਰ ਰਾਤ ਆਪਣੀ ਚਾਚੀ ਜੋਤੀ ਦੇਵੀ ਨਾਲ ਕੱਟੜਾ ਸ਼ੇਰ ਸਿੰਘ ਤੋਂ ਈ ਰਿਕਸ਼ਾ 'ਤੇ ਕੇਡੀ ਹਸਪਤਾਲ ਆ ਰਹੇ ਸਨ। ਉਹ ਗਲਤੀ ਨਾਲ ਫੋਰਐੱਸ ਚੌਕ ਤੋਂ ਬਟਾਲਾ ਰੋਡ ਵੱਲ ਚਲੇ ਗਏ। ਜਦੋਂ ਉਹ ਪੀਡਬਲਿਊਡੀ ਦਫ਼ਤਰ ਕੋਲ ਪੁੱਜੇ ਤਾਂ ਈ-ਰਿਕਸ਼ਾ ਰੁਕਵਾ ਕੇ ਕੇਡੀ ਹਸਪਤਾਲ ਬਾਰੇ ਪੁੱਛਣ ਲੱਗ ਪਏ। ਇਸੇ ਦੌਰਾਨ ਮੋਟਰਸਾਈਕਲ 'ਤੇ ਆਏ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਹੱਥੋਂ ਪਰਸ ਖੋਹ ਕੇ ਫ਼ਰਾਰ ਹੋ ਗਏ। ਜੋਤੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਦਰਾਣੀ ਦੇ ਇਲਾਜ ਲਈ ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ ਸਨ ਤੇ ਉਨ੍ਹਾਂ ਕੋਲ ਇਲਾਜ ਕਰਵਾਉਣ ਲਈ ਕੋਈ ਪੈਸਾ ਨਹੀਂ ਬਾਕੀ ਬਚਿਆ। ਜੋਤੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਹੱਥ 'ਚ ਸਿਰਫ਼ ਪਰਸ ਦੀ ਤਣੀ ਹੀ ਰਹਿ ਗਈ। ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਇਸ ਸਬੰਧ 'ਚ ਮਾਮਲਾ ਦਰਜ ਕਰ ਕੇ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਝਪਟਮਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।