ਪੱਤਰ ਪ੍ਰਰੇਰਕ, ਮਜੀਠਾ : ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਜੰਗੀ ਪੱਧਰ 'ਤੇ ਕਿਸਾਨਾਂ ਵੱਲੋਂ ਖੇਤਾਂ ਵਿਚ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ। ਪਾਣੀ ਦੀ ਲੋੜ ਨੂੰ ਪੂਰੀ ਕਰਨ ਲਈ ਪੰਜਾਬ ਰਾਜ ਪਾਵਰਕਾਮ ਲਿਮਟਿਡ ਵੱਲੋਂ ਵੀ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਉਪਰੋਕਤ ਜਾਣਕਾਰੀ ਦਿੰਦਿਆਂ ਉਪ ਮੰਡਲ ਮਜੀਠਾ ਇੱਕ ਦੇ ਉਪ ਮੰਡਲ ਅਫਸਰ ਇੰਜੀਨੀਅਰ ਮਨਪ੍ਰਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਖੇਤੀ ਸੈਕਟਰ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਵੱਖ-ਵੱਖ ਜ਼ਿਲਿ੍ਹਆਂ ਲਈ ਸਮਾਂ ਸੂਚੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉੱਪ ਮੰਡਲ ਮਜੀਠਾ ਅਧੀਨ ਆਉਂਦੇ ਪਿੰਡਾਂ ਲਈ ਤਿੰਨ ਗਰੁੱਪਾਂ ਵਿੱਚ ਬਿਜਲੀ ਦੀ ਸਪਲਾਈ ਪਹਿਲੇ ਗਰੁੱਪ ਵਿੱਚ ਰਾਤ 12 ਵਜੇ ਤੋਂ ਸਵੇਰੇ 8 ਵਜੇ ਤਕ ਦੂਸਰੇ ਗਰੁੱਪ ਵਿਚ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਅਤੇ ਤੀਸਰੇ ਗਰੁੱਪ ਵਿੱਚ ਸ਼ਾਮ 4 ਵਜੇ ਤੋਂ ਰਾਤ 12 ਵਜੇ ਤਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ ਪ੍ਰਬੰਧਾਂ ਦੀ ਉਹ ਖੁਦ ਨਿਗਰਾਨੀ ਕਰ ਰਹੇ ਹਨ। ਵੱਖ-ਵੱਖ ਫੀਡਰਾਂ ਤੇ ਤਾਇਨਾਤ ਤਕਨੀਕੀ ਸਟਾਫ ਨੂੰ ਇਸ ਸਬੰਧੀ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਆਦੇਸ਼ਾਂ ਦੀ ਕੁਤਾਹੀ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜੇਈ ਜਨਕ ਰਾਜ, ਜੇਈ ਰਣਜੋਧ ਸਿੰਘ, ਜੇਈ ਸੁਰਿੰਦਰ ਕੁਮਾਰ, ਜੇਈ ਹਰਭਿੰਦਰ ਸਿੰਘ, ਜੇਈ ਨਵਜੀਤ ਸਿੰਘ ਅਤੇ ਹੋਰ ਕਰਮਚਾਰੀ ਹਾਜ਼ਰ ਸਨ।