ਮਾਤ ਭਾਸ਼ਾ ਦੇ ਹੱਕ 'ਚ ਏਕਤਾ ਬਣਾ ਕੇ ਰੱਖਣ ਪੰਜਾਬੀ

ਰਮੇਸ਼ ਰਾਮਪੁਰਾ, ਅੰਮਿ੍ਤਸਰ : ਭਾਸ਼ਾ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਕਰਵਾਏ ਗਏ ਪ੍ਰਰੋਗਰਾਮ ਦੇ ਚੱਲਦਿਆਂ ਹੀ ਪੰਜਾਬੀ ਭਾਸ਼ਾ 'ਤੇ ਹੋਈਆਂ ਟਿੱਪਣੀਆਂ ਸੋਸ਼ਲ ਮੀਡੀਆ ਉੱਪਰ ਭਖਦਾ ਮੁੱਦਾ ਅਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਭੱਖੇ ਹੋਏ ਮੁੱਦੇ 'ਤੇ ਗੱਲਬਾਤ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਅਸਿਸਟੈਂਟ ਪ੍ਰਰੋਫੈਸਰ ਡਾ. ਦਰਿਆ ਨੇ ਕਿਹਾ ਕਿ ਭਾਰਤੀ ਸੰਵਿਧਾਨ ਨੇ ਪੰਜਾਬੀ ਭਾਸ਼ਾ ਨੂੰ ਸੰਵਿਧਾਨਕ ਮਾਨਤਾ ਪ੍ਰਦਾਨ ਕੀਤੀ ਹੈ। ਇਸ ਲਈ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਪ੍ਰਤੀਤ ਨਹੀਂ ਹੁੰਦਾ। ਜੇਕਰ ਪੰਜਾਬੀ ਭਾਸ਼ਾ ਦੇ ਇਸ ਸੰਵਿਧਾਨਕ ਅਧਿਕਾਰ ਨੂੰ ਖੋਹਣ ਦੀ ਕਿਸੇ ਵੀ ਪੱਧਰ ਕੋਈ ਕੋਸ਼ਿਸ਼ ਹੁੰਦੀ ਹੈ ਤਾਂ ਹਰ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ ਦੇ ਹੱਕ ਵਿਚ ਖੜ੍ਹਨਾ ਚਾਹੀਦਾ ਹੈ। ਡਾ. ਦਰਿਆ ਨੇ ਕਿਹਾ ਕਿ ਭਾਸ਼ਾ ਮਨੁੱਖੀ ਸੰਚਾਰ ਦਾ ਸਾਧਨ ਹੈ, ਜੋ ਮਨੁੱਖਾਂ ਨੂੰ ਆਪਸ ਵਿਚ ਜੋੜਦੀ ਹੈ। ਹਰ ਖਿੱਤੇ ਦੇ ਲੋਕਾਂ ਦੀ ਆਪੋ-ਆਪਣੀ ਮਾਤ ਭਾਸ਼ਾ ਹੁੰਦੀ ਹੈ, ਜੋ ਉਸ ਦੀ ਸ਼ਖਸੀਅਤ ਦਾ ਪੂਰਨ ਵਿਕਾਸ ਕਰਨ ਵਿਚ ਸਹਾਈ ਹੁੰਦੀ ਹੈ। ਕੋਈ ਵੀ ਭਾਸ਼ਾ ਮਾੜੀ ਜਾਂ ਚੰਗੀ ਨਹੀਂ ਹੁੰਦੀ, ਜਿਸ ਕਰ ਕੇ ਸਾਰੀਆਂ ਹੀ ਭਾਸ਼ਾਵਾਂ ਦਾ ਸਤਿਕਾਰ ਕਰਨਾ ਬਣਦਾ ਹੈ।

ਫੋਟੋ-47