ਗੁਰਮੀਤ ਸੰਧੂ, ਅੰਮ੍ਰਿਤਸਰ : ਪੰਜਾਬ ਰੋਡਵੇਜ਼ ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾਈ ਪੱਧਰ ਦੇ ਆਗੂਆਂ ਦੇ ਨਾਲ ਮਿੰਨੀ ਸਕੱਤਰੇਤ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਤੇ ਓਐੱਸਡੀ ਸੰਦੀਪ ਸਿੰਘ ਸੰਧੂ ਦੇ ਵੱਲੋਂ ਮੁਲਾਕਾਤ ਕਰਨ ਤੋਂ ਬਾਅਦ ਮੌਜੂਦਾ ਤਨਖ਼ਾਹ ਦੇ ਵਿੱਚ 30 ਪ੍ਰਤੀਸ਼ਤ ਦਾ ਵਾਧਾ ਅਤੇ 15 ਦਿਨਾਂ ਦੇ ਅੰਦਰ ਅੰਦਰ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰ ਦੇਣ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਯੂਨੀਅਨ ਦੇ ਸੱਦੇ ਤੇ 6 ਸਤੰਬਰ ਤੋਂ ਸ਼ੁਰੂ ਕੀਤੀ ਗਈ ਸੂਬਾ ਪੱਧਰੀ ਅਣਮਿਥੇ ਸਮੇਂ ਦੀ ਹੜਤਾਲ ਦੇਰ ਸ਼ਾਮ ਗਏ 15 ਦਿਨਾਂ ਲਈ ਮੁਲਤਵੀ ਹੋ ਗਈ।

ਦੱਸਣਯੋਗ ਹੈ ਕਿ ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੰਦੀਪ ਸਿੰਘ ਸੰਧੂ ਦਰਮਿਆਨ ਯੂਨੀਅਨ ਆਗੂਆਂ ਦੀਆਂ ਮੰਗਾਂ ਦੇ ਮਾਮਲੇ 'ਤੇ ਹੋਈ ਟੈਲੀਫੋਨ ਵਾਰਤਾ ਤੋਂ ਬਾਅਦ ਲਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸਥਾਨਕ ਤੇ ਸੂਬਾਈ ਪੱਧਰ ਦੇ ਪੰਜਾਬ ਰੋਡਵੇਜ਼ ਪਨਬੱਸ ਆਗੂ ਬਲਜੀਤ ਸਿੰਘ ਦੇ ਵੱਲੋਂ ਦਿੱਤੀ ਗਈ।

ਜਿਉਂ ਹੀ ਇਹ ਖ਼ਬਰ ਪੰਜਾਬ ਰੋਡਵੇਜ਼ ਪਨਬੱਸ ਦੇ ਸਥਾਨਕ ਡਿਪੂ ਨੰਬਰ 1 ਤੇ ਡਿੱਪੂ ਨੰਬਰ 2 ਦੇ ਕੱਚੇ ਮੁਲਾਜ਼ਮਾਂ ਨੂੰ ਮਿਲੀਤਾਂ ਤਾਂ ਉਨ੍ਹਾਂ ਖ਼ੁਸ਼ੀ ਅਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਇਸ ਨੂੰ ਯੂਨੀਅਨ ਦੀ ਵੱਡੀ ਜਿੱਤ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਬੀਤੀ 6 ਸਤੰਬਰ ਤੋਂ ਅਣਮਿੱਥੇ ਸਮੇਂ ਦੀ ਚੱਲ ਰਹੀ ਹੜਤਾਲ ਦੇ ਦੌਰਾਨ ਬੰਦ ਪਈਆਂ ਸੈਂਕੜੇ ਪੰਜਾਬ ਰੋਡਵੇਜ਼ ਪਨਬੱਸਾਂ ਬੁੱਧਵਾਰ ਤੋਂ ਮੁੜ ਆਪੋ ਆਪਣੇ ਰੂਟਾਂ ਤੇ ਦੌੜਨਗੀਆਂ ਤੇ ਬੀਤੇ ਕਈ ਦਿਨਾਂ ਤੋਂ ਖੱਜਲ ਖੁਆਰ ਹੋ ਰਹੀਆਂ ਸਵਾਰੀਆਂ ਨੂੰ ਰਾਹਤ ਮਿਲੇਗੀ।

ਯੂਨੀਅਨ ਦੇ ਸਥਾਨਕ ਡਿੱਪੂ ਨੰਬਰ 1 ਦੇ ਪ੍ਰਧਾਨ ਹੀਰਾ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ 15 ਸਤੰਬਰ ਬੁੱਧਵਾਰ ਨੂੰ ਸਵੇਰੇ 9 ਵਜੇ ਪਹਿਲਾਂ ਸਮੁੱਚੇ ਮੁਲਾਜ਼ਮਾਂ ਦੀ ਗੇਟ ਮੀਟਿੰਗ ਤੋਂ ਬਾਅਦ ਵੱਖ ਵੱਖ ਰੂਟਾਂ 'ਤੇ ਬੱਸਾਂ ਚੱਲਣਗੀਆਂ।

ਇਸ ਸਬੰਧੀ ਹੋਰ ਵਧੇਰੇ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾਈ ਆਗੂ ਤੇ ਸੀਨੀਅਰ ਮੀਤ ਪ੍ਰਧਾਨ ਜੋਧ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵਿਸ਼ਵਾਸ ਦਿੱਤੇ ਜਾਣ ਤੋਂ ਬਾਅਦ ਯੂਨੀਅਨ ਦੇ ਵੱਲੋਂ 30ਸਤੰਬਰ ਤਕ ਇਸ ਅਣਮਿੱਥੇ ਸਮੇਂ ਦੀ ਹਡ਼ਤਾਲ ਨੂੰ ਮੁਲਤਵੀ ਕੀਤਾ ਗਿਆ ਹੈ।

ਅਗਰ 15 ਦਿਨਾਂ ਦੇ ਅੰਦਰ ਅੰਦਰ ਸਰਕਾਰ ਨੇ ਆਪੇ ਕੀਤੇ ਵਾਅਦੇ ਨੂੰ ਅਮਲੀ ਜਾਮਾ ਨਾ ਪਹਿਨਾਇਆ ਤਾਂ ਯੂਨੀਅਨ ਦੇ ਮੋਹਰੀ ਆਗੂਆਂ ਵੱਲੋਂ ਪਹਿਲਾਂ ਤੋਂ ਹੀ ਤੈਅ ਕੀਤੀ ਗਈ ਰਣਨੀਤੀ ਦੇ ਤਹਿਤ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਲੋਂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਦਾ ਮਕਸਦ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣਾ ਜਾਂ ਸਵਾਰੀਆਂ ਨੂੰ ਖੱਜਲ ਖੁਆਰ ਕਰਨਾ ਨਹੀਂ ਬਲਕਿ ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣਾ ਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਤੇ ਭਖਦੇ ਮਸਲਿਆਂ ਨੂੰ ਸੁਲਝਾਉਣਾ ਹੈ।

ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਨੂੰ ਕੁਝ ਆਸ ਦੀ ਕਿਰਨ ਜਾਗੀ ਹੈ।ਜਿਸ ਨੂੰ ਲੈ ਕੇ ਸਮੁੱਚੇ ਕੱਚੇ ਮੁਲਾਜ਼ਮ ਵਰਗ ਦੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ।ਉਨ੍ਹਾਂ 6 ਸਤੰਬਰ ਤੋਂ ਸ਼ੁਰੂ ਕੀਤੇ ਗਏ ਅਣਮਿਥੇ ਸਮੇਂ ਦੀ ਹੜਤਾਲ ਦੇ ਸਿਲਸਿਲੇ ਦੇ ਦੌਰਾਨ ਸਥਾਨਕ ਆਗੂਆਂ ਤੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਤੇ ਸੇਵਾਵਾਂ ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

ਜ਼ਿਕਰਯੋਗ ਹੈ ਕਿ ਯੂਨੀਅਨ ਦੇ ਇਸ ਫੈਸਲੇ ਦੇ ਨਾਲ ਨਾਲ ਗੁਰੂ ਦੀ ਪਾਕ ਪਵਿੱਤਰ ਨਗਰੀ ਦੇ ਨਾਲ ਲੱਗਦੇ ਕਸਬਿਆਂ, ਤਹਿਸੀਲਾਂ, ਹੋਰਨਾਂ ਸ਼ਹਿਰਾਂ ਤੇ ਰਾਜਾਂ ਤੋਂ ਬੱਸਾਂ ਦੀ ਆਵਾਜਾਈ ਦਾ ਟੁੱਟਿਆ ਸੰਪਰਕ ਮੁੜ ਸੁਰਜੀਤ ਹੋ ਜਾਵੇਗਾ। ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂਆਂ ਦੇ ਹੱਕ ਵਿੱਚ ਸਥਾਨਕ ਕੱਚੇ ਮੁਲਾਜ਼ਮਾਂ ਦੇ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਸਰਕਾਰ ਅਤੇ ਮੁਲਾਜ਼ਮਾਂ ਦੇ ਦਰਮਿਆਨ ਹੋਈ ਇਸ ਵਾਰਤਾ ਤੋਂ ਬਾਅਦ ਬੱਸਾਂ ਚਲਾਏ ਜਾਣ ਦੇ ਮਾਮਲੇ ਨੂੰ ਲੈ ਕੇ ਸਥਾਨਕ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Posted By: Jagjit Singh