ਜਸਪਾਲ ਸਿੰਘ ਗਿੱਲ, ਮਜੀਠਾ : ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਜਿਹੜੇ ਸਬਜ਼ਬਾਗ ਪੰਜਾਬ ਦੇ ਲੋਕਾਂ ਨੂੰ ਦਿਖਾਏ ਸਨ, ਉਨ੍ਹਾਂ ਨੂੰ ਪੂਰਾ ਕਰਨ ਵਿਚ ਹੁਣ ਤਕ ਬੁਰੀ ਤਰ੍ਹਾਂ ਨਾਲ ਅਸਫਲ ਰਹਿਣ ਕਰਕੇ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਹੁਣ ਲੋਕ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਵਿਸ਼ਵਾਸ਼ ਕਰਕੇ ਭਾਜਪਾ ਨੂੰ ਪਿੰਡ ਪੱਧਰ ਤੇ ਮਜ਼ਬੂਤ ਕਰ ਰਹੇ ਹਨ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਵਿਧਾਨ ਸਭਾ ਹਲਕਾ ਮਜੀਠਾ ਦੇ ਪਾਰਟੀ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਦੇ ਗ੍ਰਹਿ ਪਿੰਡ ਜੇਠੂਨੰਗਲ ਵਿਖੇ ਹਲਕੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ 'ਤੇ ਕਰਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਕੀਤਾ।

ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੇਸ਼ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੀਆਂ ਸਰਾਵਾਂ ਆਦਿ 'ਤੇ ਹਾਲ ਵੀ ਵਿੱਚ ਲਗਾਏ ਜੀਐੱਸਟੀ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਜੀਐੱਸਟੀ ਕੌਂਸਲ 'ਚ ਦੇਸ਼ ਦੇ ਸਾਰੇ ਸੂਬਿਆਂ ਦੀ ਨੁਮਾਇੰਦਗੀ ਹੁੰਦੀ ਹੈ ਤੇ ਜਦ ਇਹ ਫੈਸਲਾ ਪਾਸ ਕੀਤਾ ਜਾ ਰਿਹਾ ਸੀ ਤਾਂ ਉਸ ਵਕਤ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਇਸ ਵਿੱਚ ਸ਼ਾਮਲ ਸਨ। ਇਨ੍ਹਾਂ ਉਸ ਸਮੇਂ ਇਸਦਾ ਵਿਰੋਧ ਕਿਉਂ ਨਹੀਂ ਕੀਤਾ।

ਜੰਮੂ ਕਟੜਾ ਐਕਸਪ੍ਰੈਸ ਵੇਅ 'ਤੇ ਕਿਸਾਨਾਂ ਦੇ ਵਿਰੋਧ ਸਬੰਧੀ ਉਨ੍ਹਾਂ ਕਿਹਾ ਕਿ ਇਸ ਵਿੱਚ ਕੇਂਦਰ ਸਰਕਾਰ ਦਾ ਕੋਈ ਰੋਲ ਨਹੀਂ ਹੁੰਦਾ। ਜ਼ਮੀਨਾਂ ਸਬੰਧੀ ਸਾਰਾ ਮਾਮਲਾ ਸੂਬਾ ਸਰਕਾਰਾਂ ਨੇ ਤੈਅ ਕਰਨਾ ਹੁੰਦਾ ਹੈ। ਅਫ਼ਗਾਨਿਸਤਾਨ ਤੇ ਪਾਕਿਸਤਾਨ 'ਚ ਘੱਟ ਗਿਣਤੀ ਲੋਕਾਂ 'ਤੇ ਹੋ ਰਹੇ ਹਮਲਿਆਂ ਸਬੰਧੀ ਉਨ੍ਹਾਂ ਕਿਹਾ ਕਿ ਭਾਰਤ 'ਚ ਇਕ ਮਜ਼ਬੂਤ ਸਰਕਾਰ ਹੈ ਤੇ ਅਫਗਾਨਿਸਤਾਨ 'ਚੋਂ ਸਿੱਖ ਭਾਈਚਾਰੇ ਨੂੰ ਪੂਰੇ ਮਾਣ-ਸਨਮਾਨ ਨਾਲ ਸੁਰੱਖਿਅਤ ਭਾਰਤ ਲਿਆਂਦਾ ਜਾ ਰਿਹਾ ਹੈ। ਮੋਦੀ ਸਰਕਾਰ ਵਿਦੇਸ਼ ਵਿੱਚ ਵੱਸਦੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਮੈਡੀਕਲ ਯੂਨੀਵਰਸਿਟੀ 'ਚ ਸਿਹਤ ਮੰਤਰੀ ਤੇ ਵਾਈਸ ਚਾਂਸਲਰ ਵਿਵਾਦ ਸਬੰਧੀ ਪੱਛੇ ਜਾਣ 'ਤੇ ਸ਼ਰਮਾ ਨੇ ਕਿਹਾ ਕਿ ਜਿਸ ਮੰਤਰੀ ਨੂੰ ਇਹ ਤਕ ਨਹੀਂ ਪਤਾ ਕਿ ਲੇਬਰ ਰੂਮ ਵਿੱਚ ਬੂਟ ਪਾ ਕੇ ਨਹੀਂ ਜਾਣਾ, ਉਸ ਤੋਂ ਹੋਰ ਕੀ ਉਮੀਦ ਕਰ ਸਕਦੇ ਹੋ।

ਸਮਾਗਮ ਵਿੱਚ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਦੇ ਮਜੀਠਾ ਹਲਕੇ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਦੀ ਪ੍ਰੇਰਨਾ ਸਦਕਾ ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਵਾਲਿਆਂ ਨੂੰ ਪਾਰਟੀ ਨਿਸ਼ਾਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜੀ ਆਇਆਂ ਕਿਹਾ। ਇਸ ਮੌਕੇ ਪ੍ਰਦੀਪ ਸਿੰਘ ਭੁੱਲਰ ਨੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸਨਮਾਨਿਤ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਹਲਕਾ ਮਜੀਠਾ ਦੇ ਹਰੇਕ ਪਿੰਡ ਵਿਚ ਪਾਰਟੀ ਵਾਸਤੇ ਦਿਨ-ਰਾਤ ਇਕ ਕਰ ਕੇ ਪਾਰਟੀ ਨੂੰ ਸਿਖਰ ਤਕ ਮਜ਼ਬੂਤ ਕੀਤਾ ਜਾਵੇਗਾ।

ਇਸ ਮੌਕੇ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ ਤੇ ਹੋਰ ਪਤਵੰਤਿਆਂ 'ਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਸਵਿੰਦਰ ਸਿੰਘ ਮਾਕੋਵਾਲ ਜ਼ਿਲ੍ਹਾ ਪ੍ਰਧਾਨ, ਵਿਵੇਕ ਮੌਦਗਿੱਲ ਇੰਚਾਰਜ ਅੰਮ੍ਰਿਤਸਰ ਜਿਲਾ ਦਿਹਾਤੀ, ਸੁਰਿੰਦਰ ਸਿੰਘ, ਜਸਬੀਰ ਸਿੰਘ ਸੰਮਤੀ ਮੈਂਬਰ, ਪ੍ਰਗਟ ਸਿੰਘ ਸਰਪੰਚ ਚੰਨਣਕੇ, ਸੁਖਜਿੰਦਰ ਸਿੰਘ ਬਿੱਟੂ ਪ੍ਰਧਾਨ, ਦਿਲਬਾਗ ਸਿੰਘ ਸਰਪੰਚ ਦਾਦੂੂਪੁਰਾ, ਸੰਦੀਪ ਸਿੰਘ ਸਰਪੰਚ ਕੈਰੋਨੰਗਲ, ਸੂਬਾ ਸਿੰਘ ਸਰਪੰਚ ਹਰਦੋਪੁਤਲੀ, ਕਮਲ ਕੁਮਾਰ ਚਵਿੰਡਾ ਦੇਵੀ, ਜਥੇਦਾਰ ਜਗਤਾਰ ਸਿੰਘ ਸੋਹੀਆਂ ਕਲਾਂ, ਮੰਗਲ ਸਿੰਘ ਚੰਨਨਕੇ ,ਅਸ਼ਵਨੀ ਤਕਿਆਰ ,ਸਿਬਮ ਡੋਗਰਾ ,ਅਸ਼ਵਨੀ ਮੈਣੀ, ਬੋਬੀ ਤਕਿਆਰ,ਰਾਜਨ, ਹਰੀਸ਼ ਕਹੇੜ, ਵਿਨੋਦ ਸ਼ਰਮਾ ,ਬਾਲ ਕ੍ਰਿਸ਼ਨ ,ਜੋਗਾ ਸਿੰਘ ਹਦੈਤਪੁਰਾ ,ਪੂਰਨ ਸਿੰਘ ਮੀਆਂ ਪੰਧੇਰ ,ਅਵਤਾਰ ਸਿੰਘ ਚਾਟੀਵਿੰਡ ,ਸਾਬਕਾ ਸਰਪੰਚ ਜਸਵੰਤ ਸਿੰਘ ਕਰਨਾਲਾ,ਜੋਗਿੰਦਰ ਸਿੰਘ ਨਾਗ ਕਲਾਂ ਆਦਿ ਨਾਂ ਜ਼ਿਕਰਯੋਗ ਹਨ ।

Posted By: Seema Anand