ਰੋਹਿਤ ਕੁਮਾਰ, ਚੰਡੀਗੜ੍ਹ : ਖ਼ਾਲਿਸਤਾਨ ਸਮਰਥਕ ਤੇ ਵੱਖਵਾਦੀ ਭਗੌੜੇ ਅੰਮ੍ਰਿਤਪਾਲ ਸਿੰਘ ਤੇ ਉਸ ਦੀ ਪਤਨੀ ਕਿਰਨਦੀਪ ਕੌਰ ਦੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸਬੰਧਾਂ ਦੀ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਮੁਤਾਬਕ ਕੇਂਦਰੀ ਜਾਂਚ ਏਜੰਸੀਆਂ ਤੋਂ ਮਿਲੇ ਇਨਪੁਟ ’ਚ ਪਤਾ ਲੱਗਾ ਲੱਗਿਆ ਹੈ ਕਿ ਬੀਤੇ ਦਿਨੀਂ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹੰਗਾਮਾ ਕਰ ਕੇ ਤਿਰੰਗੇ ਦਾ ਅਪਮਾਨ ਕਰਨ ਦੇ ਮਾਮਲੇ ’ਚ ਬਰਤਾਨੀਆ ਪੁਲਿਸ ਨੇ ਖ਼ਾਲਿਸਤਾਨ ਸਮਰਥਕ ਅਵਤਾਰ ਸਿੰਘ ਖੰਡਾ ਨੂੰ ਗਿ੍ਰਫ਼ਤਾਰ ਕੀਤਾ ਹੈ। ਖੰਡਾ ਬਾਰੇ ਇਹ ਜਾਣਕਾਰੀਆਂ ਸਾਹਮਣੇ ਆਈਆਂ ਹਨ ਕਿ ਉਹ ਅੱਤਵਾਦੀ ਪਰਮਜੀਤ ਸਿੰਘ ਪੰਮਾ ਦਾ ਸਾਥੀ ਹੈ ਤੇ ਉਸ ਨੇ ਹੀ ਅੰਮ੍ਰਿਤਪਾਲ ਨੂੰ ਆਈਐੱਸਆਈ ਤੋਂ ਟ੍ਰੇਨਿੰਗ ਦਿਵਾਈ ਸੀ। ਕਿਉਂਕਿ ਅੰਮ੍ਰਿਤਪਾਲ ਦਾ ਵਿਆਹ ਇੰਗਲੈਂਡ ਤੋਂ ਪਰਤੀ ਕਿਰਨਦੀਪ ਕੌਰ ਨਾਲ ਹੋਇਆ ਹੈ। ਇਸ ਲਈ ਏਜੰਸੀਆਂ ਨੂੰ ਇਸ ਗੱਲ ਦਾ ਖ਼ਦਸ਼ਾ ਹੈ ਕਿ ਉਸ ਦੀ ਪਤਨੀ ਦੇ ਵੀ ਖੰਡਾ ਤੇ ਬੀਕੇਆਈ ਨਾਲ ਸਬੰਧ ਹਨ, ਜਿਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਏਜੰਸੀਆਂ ਐਂਟਰਟੇਨਮੈਂਟ ਮੀਡੀਆ ’ਤੇ ਪੋਸਟ ਕੀਤੀਆਂ ਗਈਆਂ ਕਈ ਅਜਿਹੀਆਂ ਵੀਡੀਓ ਦੀ ਜਾਂਚ ਕਰ ਰਹੀ ਹੈ ਜਿਸ ’ਚ ਅਵਤਾਰ ਸਿੰਘ ਖੰਡਾ ਨੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਗੱਲ ਕਹਿ ਰਿਹਾ ਹੈ। ਹੁਣ ਤੱਕ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਅਵਤਾਰ ਸਿੰਘ ਖੰਡਾ ਨੇ ਹੀ ਅੰਮ੍ਰਿਤਪਾਲ ਨੂੰ ਪੰਜਾਬ ਆਉਣ ਲਈ ਨਾ ਸਿਰਫ਼ ਤਿਆਰ ਕੀਤਾ, ਬਲਕਿ ਉਸ ਨੂੰ ਵਾਰਸ ਪੰਜਾਬ ਦੇ ਸੰਗਠਨ ਦਾ ਮੁਖੀ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ। ਉਸੇ ਨੇ ਅੰਮ੍ਰਿਤਪਾਲ ਨੂੰ ਦੱਸਿਆ ਸੀ ਕਿ ਅੱਗੇ ਕੀ ਕਰਨਾ ਹੈ। ਕਿਉਂਕਿ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨੂੰ ਵਿਦੇਸ਼ ਤੋਂ ਫੰਡਿੰਗ ਹੋਈ ਹੈ ਤੇ ਹਵਾਲੇ ਜ਼ਰੀਏ ਵੀ ਪੈਸਾ ਮਿਲਿਆ ਹੈ ਇਸ ਲਈ ਹੁਣ ਪੁਲਿਸ ਨੇ ਅੰਮ੍ਰਿਤਪਾਲ ਦੇ ਪਰਿਵਾਰ ਤੇ ਉਸ ਦੇ ਚਾਚੇ ਹਰਜੀਤ ਸਿੰਘ ਦੇ ਬੈਂਕ ਖ਼ਾਤਿਆਂ ਦੀ ਡਿਟੇਲ ਵੀ ਮੰਗ ਲਈ ਹੈ। ਅੰਮ੍ਰਿਤਪਾਲ ਦੇ ਹੋਰ ਕਰੀਬੀਆਂ ਦੇ ਬੈਂਕ ਖ਼ਾਤਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਇਨ੍ਹਾਂ ਦੋਵਾਂ ਨੂੰ ਕਿਨ੍ਹਾਂ-ਕਿਨ੍ਹਾਂ ਦੇਸ਼ਾਂ ਤੋਂ ਫੰਡ ਟ੍ਰਾਂਸਫਰ ਹੋਏ ਹਨ।

ਜ਼ਿਕਰਯੋਗ ਹੈ ਕਿ ਦੁਬਈ ’ਚ ਅੰਮ੍ਰਿਤਪਾਲ ਟਰੱਕ ਚਲਾਉਂਦਾ ਸੀ ਤੇ ਉਸ ਦੌਰਾਨ ਬੱਬਰ ਖ਼ਾਲਸਾ ਇੰਟਰਨੈਸ਼ਲ (ਬੀਕੇਆਈ) ਦੇ ਮੈਂਬਰਾਂ ਨਾਲ ਦੋਸਤੀ ਹੋਈ ਸੀ। ਇਸ ਤੋਂ ਬਾਅਦ ਅੱਤਵਾਦੀ ਪਰਮਜੀਤ ਸਿੰਘ ਪੰਮਾ ਦੇ ਕਹਿਣ ’ਤੇ ਅਵਤਾਰ ਸਿੰਘ ਖੰਡਾ ਨੇ ਉਸ ਨੂੰ ਆਈਐੱਸਆਈ ਤੋਂ ਜਾਰਜੀਆ ’ਚ ਟ੍ਰੇਨਿੰਗ ਦਿਵਾਈ ਤੇ ਉਸ ਲਈ ਫੰਡ ਦਾ ਇੰਤਜ਼ਾਮ ਕੀਤਾ। ਯੂਕੇ ਤੇ ਕੈਨੇਡਾ ਸਮੇਤ ਕੁਝ ਹੋਰ ਦੇਸ਼ਾਂ ਤੋਂ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਦੀ ਆਰਥਿਕ ਤੌਰ ’ਤੇ ਮਦਦ ਕਰਦੇ ਰਹੇ। ਅੰਮ੍ਰਿਤਪਾਲ ਨੇ ਪੰਜਾਬ ਆ ਕੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਤੇ ਪਿਛਲੇ ਮਹੀਨੇ ਵਿਆਹ ਕੀਤਾ। ਵਿਆਹ ਨੂੰ ਗੁਪਤ ਰੱਖਿਆ ਗਿਆ। ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਬਾਰੇ ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਵਿਆਹ ਤੋਂ ਪਹਿਲਾਂ ਵੀ ਕਿਰਨਦੀਪ ਕੌਰ ਵਾਰਿਸ ਪੰਜਾਬ ਦੇ ਸੰਗਠਨ ਨੂੰ ਫੰਡਿੰਗ ਕਰ ਰਹੀ ਸੀ।

ਅਵਤਾਰ ਸਿੰਘ ਦੇ ਪਿਤਾ ਦੀ 1991 ’ਚ ਪੁਲਿਸ ਮੁਕਾਬਲੇ ’ਚ ਹੋਈ ਸੀ ਮੌਤ

ਜਾਸ, ਮੋਗਾ : ਬਰਤਾਨੀਆ ’ਚ ਗਿ੍ਰਫ਼ਤਾਰ ਅਵਤਾਰ ਸਿੰਘ ਖੰਡਾ ਮੂਲ ਰੂਪ ’ਚ ਮੋਗਾ ਜ਼ਿਲ੍ਹੇ ਦੇ ਪਿੰਡ ਖੁਖਰਾਨਾ ਦਾ ਰਹਿਣ ਵਾਲਾ ਹੈ। ਖੰਡਾ ਸ਼ੁਰੂ ਤੋਂ ਹੀ ਖ਼ਾਲਿਸਤਾਨ ਸਮਰਥਕ ਸੀ। ਉਸ ਦੇ ਪਿਤਾ ਨੂੰ ਸਾਲ 1991 ’ਚ ਪੁਲਿਸ ਨੇ ਮੁਕਾਬਲੇ ’ਚ ਢੇਰ ਕੀਤਾ। ਪੁਲਿਸ ਰਿਕਾਰਡ ਮੁਤਾਬਕ ਅਵਤਾਰ ਸਿੰਘ ਖੰਡਾ 2007 ਤੱਕ ਮੋਗਾ ’ਚ ਛੋਟੇ-ਛੋਟੇ ਅਪਰਾਧਾਂ ’ਚ ਸ਼ਾਮਿਲ ਰਿਹਾ ਤੇ ਉਸ ਤੋਂ ਬਾਅਦ ਇੰਗਲੈਂਡ ਚਲਾ ਗਿਆ ਸੀ। ਉੱਥੇ ਉਹ ਖ਼ਾਲਿਸਤਾਨ ਦੇ ਸਮਰਥਨ ’ਚ ਖੁੱਲ੍ਹ ਕੇ ਗੱਲ ਕਰਦਾ ਰਿਹਾ ਹੈ।

Posted By: Seema Anand