ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਤੇ ਮਨਮੋਹਣ ਸਿੰਘ ਬਰਾੜ, ਪ੍ਰਧਾਨ ਹਰਦੀਪ ਸਿੰਘ ਚਾਹਲ, ਜਨਰਲ ਸਕੱਤਰ ਰਾਜਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਮੁੱਚੇ ਪੰਜਾਬੀਆਂ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਕਿਸਾਨੀ ਵਰਗ ਲਈ ਇਹ ਬਹੁਤ ਹੀ ਦਿਲ-ਲੁਭਾਊ ਖਬਰ ਹੈ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਵਿਖੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਅੰਮ੍ਰਿਤਸਰ ਦੀ ਸਥਾਪਨਾ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਕਿਸਾਨੀ ਵਰਗ ਲਈ ਇੱਕ ਇਤਿਹਾਸਕ ਕਾਰਜ ਨੇਪਰੇ ਚਾੜ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ਦੇ ਇਸ ਪ੍ਰਤਿਸ਼ਠਤ ਬਾਗਬਾਨੀ ਸੰਸਥਾਨ ਵਿੱਚ 100 ਤੋਂ ਵੱਧ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਾਗਬਾਨੀ ਵਿਗਿਆਨੀ(ਵਿਸ਼ੇਸ਼ ਕਰਕੇ ਫ਼ਲ ਅਤੇ ਸਬਜ਼ੀਆਂ) ਖੇਤਰ ਵਿੱਚ ਨਵੀਨਤਮ ਖੋਜਾਂ ਕਰਕੇ ਅਤੇ ਤਕਨੀਕਾਂ ਵਿਕਸਤ ਕਰਕੇ ਖੇਤੀਬਾੜੀ ਵਿੱਚ ਕ੍ਰਾਂਤੀਕਾਰੀ ਤਰੱਕੀ ਦੀਆਂ ਸੰਭਾਵਨਾਵਾਂ ਦਾ ਬਾਇਸ ਬਣਨਗੇ। ਪੰਜਾਬ ਅਤੇ ਇਸ ਦੇ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਰਾਜਸਥਾਨ ਦੇ ਕਿਸਾਨ ਇਸ ਬਾਗਬਾਨੀ ਸੰਸਥਾਨ ਦੀਆਂ ਖੋਜਾਂ ਨੂ ਅਪਣਾ ਕੇ ਪ੍ਰੰਪਰਕ ਖੇਤੀ ਨੂੰ ਆਧੁਨਿਕ ਅਤੇ ਲਾਹੇਵੰਦ ਲੀਹਾਂ ਤੇ ਚਲਾ ਕੇ ਆਰਥਿਕ ਬੁਲੰਦੀਆਂ ਨੂੰ ਛੂਹਣ ਦੇ ਕਾਬਲ ਹੋ ਜਾਣਗੇ।

ਕਣਕ-ਝੋਨੇ ਦੇ ਚੱਕਰ ਵਿੱਚ ਫ਼ਸ ਕੇ ਪੰਜਾਬ ਦੇ ਕਿਸਾਨਾਂ ਨੇ ਆਪਣਾ ਧਰਤੀ ਹੇਠਲਾ ਪਾਣੀ ਖਤਰਨਾਕ ਹੱਦ ਤੱਕ ਵਿਰਾਨ ਕਰ ਲਿਆ ਹੈ,ਹਵਾ ਅਤੇ ਧਰਤੀ ਨੂੰ ਬੇਹਿਸਾਬ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਪ੍ਰਦੂਸ਼ਿਤ ਕਰ ਦਿੱਤਾ ਹੈ। ਕਣਕ-ਝੋਨੇ ਦੇ ਇਸ ਵਾਤਾਵਰਨ-ਮਾਰੂ ਚੱਕਰ ਵਿਚੋਂ ਨਿਜਾਤ ਪਾ ਕੇ ਅਤੇ ਖੇਤੀ ਵਿਭਿੰਨਤਾਵਾਂ ਨੂੰ ਅਪਣਾਉਣ ਸਦਕਾ ਮੁੜ ਔਰਗੈਨਿਕ ਖੇਤੀਬਾੜੀ ਪੰਜਾਬ ਦੇ ਪੁਨਰ-ਸੁਰਜੀਤ ਹੋਣ ਦੀਆਂ ਸੰਭਾਵਨਾਵਾਂ ਪੈਦਾ ਕਰਨ ਵਿੱਚ ਇਹ ਖੇਤੀਬਾੜੀ ਸੰਸਥਾਨ ਸਹਾਈ ਹੋਵੇਗਾ। ਫ਼ਲਾਂ ਅਤੇ ਸਬਜ਼ੀਆਂ ਦੇ ਪ੍ਰੋਸੈਸਿੰਗ ਉਦਯੋਗਾਂ ਦੀਆਂ ਸਥਾਪਨਾਵਾਂ ਦੀਆਂ ਪੂਰੀਆਂ ਆਸਾਂ ਹਨ।

ਸਾਲ 2015 ਵਿੱਚ ਤਤਕਾਲੀ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਲਈ ਇਸ ਸੰਸਥਾਨ ਨੂੰ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਸੀ।ਉਸੇ ਸਾਲ ਹੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਟਾਰੀ ਵਿਖੇ 100 ਏਕੜ ਅਤੇ ਅਬੋਹਰ ਵਿਖੇ 50 ਏਕੜ ਜ਼ਮੀਨ ਖੋਜ ਕਾਰਜਾਂ ਲਈ ਓਸੇ ਸਾਲ ਇਸ ਬਾਗਬਾਨੀ ਸੰਸਥਾਨ ਨੂੰ ਸਥਾਪਿਤ ਕਰਨ ਲਈ ਅਧਿਕਾਰਤ ਕੇਂਦਰੀ ਅਦਾਰੇ ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰੀਸਰਚ, ਨਵੀਂ ਦਿੱਲੀ ਦੇ ਨਾਂ ਤਬਦੀਲ ਕਰਕੇ ਵੱਡਾ ਕਾਰਜ ਕਰ ਦਿੱਤਾ ਸੀ। ਪ੍ਰੰਤੂ ਇਸ ਸੰਸਥਾ ਦੇ ਪ੍ਰਬੰਧਕੀ ਅਤੇ ਅਕਾਦਮਿਕ ਬਲਾਕਾਂ ਦੀ ਉਸਾਰੀ ਲਈ ਅੰਮ੍ਰਿਤਸਰ-ਅਟਾਰੀ ਸੜਕ ਤੇ 32 ਏਕੜ ਜ਼ਮੀਨ ਨੂੰ ਖਰੀਦਣ ਦੀ ਜ਼ਰੂਰਤ ਸੀ। ਪ੍ਰੰਤੂ ਅੰਮ੍ਰਿਤਸਰ ਦੇ ਵਿਕਾਸ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਸਰਕਾਰ ਨੇ ਅੰਮ੍ਰਿਤਸਰ-ਅਟਾਰੀ ਸੜਕ ਤੇ ਸਥਿਤ ਪਿੰਡ ਛਿੱਡਣ ਵਿਖੇ 32 ਏਕੜ ਜ਼ਮੀਨ ਖਰੀਦਣ ਲਈ ਪਿਛਲੇ ਪੂਰੇ ਪੰਜ ਸਾਲਾਂ ਦੌਰਾਨ ਕੋਈ ਦਿਲਚਸਪੀ ਨਹੀਂ ਦਿਖਾਈ, ਪਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਵਲ ਤਿੰਨ ਮਹੀਨਿਆਂ ਵਿਚ ਹੀ ਉਕਤ ਜ਼ਮੀਨ ਦੀ ਖਰੀਦਦਾਰੀ ਲਈ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰ ਕੇ ਨਿਪੁੰਨ ਕਾਰਜਯੋਗਤਾ ਵਿੱਚ ਨਾਮਣਾ ਅਤੇ ਸਿਫ਼ਤ ਸਲਾਹ ਖੱਟ ਲਈ ਹੈ। ਇਸ ਕੇਂਦਰੀ ਬਾਗਬਾਨੀ ਸੰਸਥਾਨ ਦੀਆਂ ਇਮਾਰਤਾਂ ਦੀ ਉਸਾਰੀ ਅਤੇ ਹੋਰ ਸਾਜ-ਓ-ਸਮਾਨ ਦੀ ਖਰੀਦਦਾਰੀ ਲਈ ਬਜਟ, ਵਿਗਿਆਨੀਆਂ ਦੀਆਂ ਤਨਖਾਹਾਂ, ਭੱਤਿਆਂ ਆਦਿ ਦਾ ਬਜਟ, ਖੋਜ ਅਤੇ ਹੋਰ ਕਾਰਜਾਂ ਲਈ ਬਜਟ ਦਾ ਸਾਰਾ ਪ੍ਰਬੰਧ ਕੇਂਦਰੀ ਸਰਕਾਰ ਦੀ ਤਰਫੋਂ ਕਰਨ ਦਾ ਪ੍ਰਬੰਧ ਹੋਵੇਗਾ,ਜੋ ਕਿ 1700 ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ।ਕੌਮੀ ਪੱਧਰ ਦੇ ਇਸ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਅੰਮ੍ਰਿਤਸਰ ਦੀ ਸਥਾਪਨਾ ਲਈ ਮੁੱਖ ਮੰਤਰੀ ਅਤੇ ਬਾਗਬਾਨੀ ਮੰਤਰੀ ਭਗਵੰਤ ਸਿੰਘ ਦੇ ਨਾਲ-ਨਾਲ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ। ਅੰਮ੍ਰਿਤਸਰ ਵਿਕਾਸ ਮੰਚ ਇਨ੍ਹਾਂ ਸਾਰੇ ਸੁਹਿਰਦ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਦਿਲ-ਏ-ਦਿਮਾਗ ਤੋਂ ਮਸ਼ਕੂਰ ਹੈ।

Posted By: Tejinder Thind