ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਦੀ 100ਵੀਂ ਵਰੇਗੰਢ ਮੌਕੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲਏ ਗਏ ਫ਼ੈਸਲੇ ਅਨੁਸਾਰ ਰਣਜੀਤ ਐਵਿਨਿਉ ਵਿਖੇ ਬਣਾਈ ਜਾਣ ਵਾਲੀ ਯਾਦਗਾਰ ਨੂੰ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਸ਼ਹੀਦਾਂ ਦਾ ਅਪਮਾਨ ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਜੱਲ੍ਹਿਆਂਵਾਲੇ ਬਾਗ਼ ਦੇ ਸੌ ਸਾਲ ਦੇ ਇਤਿਹਾਸ 'ਚ 70 ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਟਰੱਸਟ ਰਹੀ ਹੈ ਅਤੇ ਉਸ ਸਮੇਂ ਜਲ੍ਹਿਆਂਵਾਲੇ ਬਾਗ਼ ਕੋਈ ਵਿਕਾਸ ਕਾਂਗਰਸ ਨੂੰ ਚੇਤੇ ਨਹੀਂ ਆਇਆ ਜਦਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਟਰੱਸਟ ਬਣਾ ਕੇ ਉਨ੍ਹਾਂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮਨਿਓਰਿਟੀ ਸੈੈੱਲ ਦੇ ਚੇਅਰਮੈਨ ਤਰਲੋਚਨ ਸਿੰਘ ਨੂੰ ਟਰੱਸਟੀ ਬਣਾਇਆ ਹੈ ਉਦੋਂ ਤੋਂ ਇਕ ਸਾਲ ਦੇ ਅੰਦਰ ਜਲ੍ਹਿਆਂਵਾਲੇ ਬਾਗ਼ ਦਾ ਸੁੰਦਰੀਕਰਨ ਕੀਤਾ ਗਿਆ ਤੇ ਵਿਰਾਸਤ ਨੂੰ ਸੰਭਾਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲ੍ਹਿਆਂਵਾਲੇ ਬਾਗ ਤੋਂ ਅੱਠ ਕਿਲੋਮੀਟਰ ਦੂਰ ਰਣਜੀਤ ਐਵਨਿਊ ਵਿਖੇ ਇਕ ਪਾਰਕ ਵਿਚ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਸਮਾਰਕ ਦਾ ਨੀਂਹ ਪੱਥਰ 25 ਜਨਵਰੀ ਨੂੰ ਰੱਖਣ ਜਾ ਰਹੇ ਹਨ। ਜਦਕਿ ਕੈਪਟਨ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਜੱਲ੍ਹਿਆਂਵਾਲੇ ਬਾਗ ਦੇ ਵਿਕਾਸ ਵਿੱਚ ਆਪਣਾ ਸਹਿਯੋਗ ਨਿਭਾਉਂਦੇ।

ਇੱਥੇ ਦੱਸਣਯੋਗ ਹੈ ਕਿ ਇਹ ਸਾਰਾ ਮਾਮਲਾ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰ ਵਿਭਾਗ ਸੰਜੈ ਕੁਮਾਰ ਨੇ ਜਿਲ੍ਹਾ ਅਧਿਕਾਰੀਆਂ ਨਾਲ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਸਾਹਮਣੇ ਆਇਆ ਹੈ। ਸਾਕੇ ਵਿਚ ਸ਼ਹੀਦ ਹੋਏ ਯੋਧਿਆਂ ਦੀ ਯਾਦ ਵਿਚ ਉਸਾਰੇ ਜਾਣ ਵਾਲੇ ਇਸ ਸਮਾਰਕ ਵਿਚ ਸ਼ਹੀਦਾਂ ਦੇ ਘਰਾਂ ਤੇ ਪਿੰਡਾਂ ਦੀ ਮਿੱਟੀ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਇਸ ਲਈ ਹਰੇਕ ਸ਼ਹੀਦ ਦੇ ਘਰ ਤੋਂ ਉਨਾਂ ਦੇ ਪਰਿਵਾਰਕ ਮੈਂਬਰਾਂ ਜਾਂ ਪੰਚਾਇਤਾਂ ਵੱਲੋਂ ਮਿੱਟੀ ਵਿਸ਼ੇਸ ਤੌਰ 'ਤੇ ਨਾਲ ਲਿਆਂਦੀ ਜਾਵੇਗੀ, ਜੋ ਕਿ ਇਸ ਸਮਾਰਕ ਦਾ ਹਿੱਸਾ ਬਣੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਰਿਕਾਰਡ ਦੇ ਅਧਾਰ 'ਤੇ 492 ਸ਼ਹੀਦਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਕਿਸੇ ਹੋਰ ਵੀ ਪਰਿਵਾਰ ਦਾ ਦਾਅਵਾ ਹੋਵੇ ਤਾਂ ਉਹ ਸਬੂਤਾਂ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਦਰਜ ਕਰਵਾ ਸਕਦਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਸੈਰ ਸਪਾਟਾ ਅਤੇ ਸਭਿਆਚਾਰਕ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ। ਸਮਾਗਮ ਰਣਜੀਤ ਐਵੀਨਿਊ ਵਿਖੇ ਅੰਮ੍ਰਿਤ ਆਨੰਦ ਪਾਰਕ, ਜਿੱਥੇ ਕਿ ਇਹ ਸਮਾਰਕ ਬਣਨੀ ਹੈ, ਵਿਖੇ ਹੀ ਕਰਵਾਇਆ ਜਾ ਰਿਹਾ ਹੈ, ਜੋ ਕਿ 25 ਜਨਵਰੀ ਨੂੰ ਸਵੇਰੇ 10 ਵਜੇ ਤੋਂ ਕਰੀਬ ਇਕ ਵਜੇ ਤਕ ਚੱਲੇਗਾ।

Posted By: Amita Verma