ਜੇਐੱਨਐੱਨ, ਅੰਮਿ੍ਤਸਰ : ਸੀਬੀਆਈ ਨੇ ਛੇ ਬੈਂਕਾਂ ਨਾਲ 355 ਕਰੋੜ ਰੁਪਏ ਦੇ ਘਪਲੇ 'ਚ ਪੰਜਾਬ ਬਾਸਮਤੀ ਰਾਈਸ ਮਿਲ ਮਾਲਕ ਕੁਲਦੀਪ ਸਿੰਘ ਮਾਖਨੀ ਤੇ ਉਸ ਦੀ ਪਤਨੀ ਜਸਮੀਤ ਕੌਰ ਦੀ ਗਿ੍ਫਤਾਰੀ ਤੋਂ ਬਾਅਦ ਜਾਂਚ ਦਾ ਕੇਂਦਰ ਬੈਂਕਾਂ ਵਾਲੇ ਪਾਸੇ ਮੋੜ ਦਿੱਤਾ ਹੈ। ਸੀਬੀਆਈ ਨੇ ਧਰਮ ਸਿੰਘ ਮਾਰਕੀਟ ਸਥਿਤ ਕੈਨਰਾ ਬੈਂਕ ਤੋਂ ਮਾਮਲਾ ਨਾਲ ਜੁੜਿਆ ਸਾਰਾ ਰਿਕਾਰਡ ਕਬਜ਼ੇ 'ਚ ਲੈ ਲਿਆ ਹੈ। ਹੁਣ ਕੁਝ ਬੈਂਕ ਅਧਿਕਾਰੀਆਂ 'ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਮਾਮਲੇ ਦਾ ਤੀਜਾ ਮੁਲਜ਼ਮ ਕੁਲਵਿੰਦਰ ਮਾਖਨੀ ਦਾ ਪਿਤਾ ਮਨਜੀਤ ਸਿੰਘ 2018 'ਚ ਦੇਸ਼ ਛੱਡ ਕੇ ਜਾ ਚੁੱਕਿਆ ਹੈ।

ਬੈਂਕਾਂ ਦਾ ਕਰਜ਼ਾ ਨਾ ਵਾਪਸ ਕਰਨ ਦੇ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਦੋ ਸਾਲ ਤਕ ਚੱਲੀ ਜਾਂਚ 'ਚ ਪੁਲਿਸ ਨੇ ਕਈ ਕਾਰਵਾਈ ਨਹੀਂ ਕੀਤੀ ਤਾਂ ਆਰਟੀਆਈ ਕਾਰਕੁੰਨ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੂਥ ਫਰੰਟ ਦੇ ਚੇਅਰਮੈਨ ਗੁਰਮੇਲ ਸਿੰਘ ਬਬਲੂ ਨੇ ਪ੍ਰਧਾਨ ਮੰਤਰੀ ਦਫਤਰ ਤੇ ਕੇਂਦਰੀ ਗ੍ਰਹਿ ਮੰਤਰਾਲੇ 'ਚ ਸ਼ਿਕਾਇਤਾਂ ਕੀਤੀਆਂ ਸਨ।

ਸੀਬੀਆਈ ਦੋ ਜੁਲਾਈ ਤੋਂ ਅੰਮਿ੍ਤਸਰ 'ਚ ਮਾਖਨੀ ਦੇ ਘਰ ਡੇਰਾ ਲਾਏ ਹੋਏ ਸੀ। ਸੀਬੀਆਈ ਨੇ ਘਰ ਦਾ ਚੱਪਾ-ਚੱਪਾ ਛਾਣਿਆਂ, ਉਥੇ ਹੀ ਤਰਨਤਾਰਨ ਰੋਡ ਸਥਿਤ ਪੰਜਾਬ ਰਾਈਸ ਬਾਸਮਤੀ ਰਾਈਸ ਮਿਲ 'ਚ ਵੀ ਜਾਂਚ ਕੀਤੀ। ਇਸ ਦੌਰਾਨ ਸੀਬੀਆਈ ਨੇ ਸ਼ਹਿਰ ਦੀਆਂ ਤਿੰਨ ਥਾਵਾਂ 'ਤੇ ਛਾਪੇਮਾਰੀ ਕੀਤੀ ਤੇ ਕਾਫੀ ਰਿਕਾਰਡ ਕਬਜ਼ੇ 'ਚ ਲਿਆ।

ਸੀਬੀਆਈ ਨੇ ਧਰਮ ਸਿੰਘ ਮਾਰਕੀਟ ਸਥਿਤ ਕੈਨਰਾ ਬੈਂਕ 'ਚ ਕਰ ਕੇ ਕੁਝ ਰਿਕਾਰਡ ਆਪਣੇ ਕਬਜ਼ੇ 'ਚ ਵੀ ਲਿਆ। ਸੀਬੀਆਈ ਹੁਣ ਉਕਤ ਬੈਂਕਾਂ ਦੇ ਅਧਿਕਾਰੀਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਹੈ ਕਿ ਕਰਜ਼ਾ ਕਿਸ ਆਧਾਰ 'ਤੇ ਦਿੱਤਾ ਗਿਆ।

ਇਨ੍ਹਾਂ ਬੈਂਕਾਂ 'ਚੋਂ ਲਿਆ 355 ਕਰੋੜ ਦਾ ਕਰਜ਼ਾ

ਸਾਲ 2016-17 ਦੌਰਾਨ ਮਿਲੱ ਮਾਲਕਾਂ ਕੁਲਵਿੰਦਰ ਸਿੰਘ ਮਾਖਨੀ, ਉਸ ਦੀ ਪਤਨੀ ਜਸਮੀਤ ਕੌਰ ਤੇ ਮਨਜੀਤ ਸਿੰਘ ਨੇ ਕੈਨਰਾ ਬੈਂਕ ਤੋਂ 175 ਕਰੋੜ, ਆਂਧਰਾ ਬੈਂਕ ਤੋਂ 53 ਕਰੋੜ, ਯੂਨੀਅਨ ਬੈਂਕ ਕੋਲੋਂ 44 ਕਰੋੜ, ਓਬੀਸੀ ਬੈਂਕ ਤੋਂ 25 ਕਰੋੜ, ਆਈਡੀਬੀਆਈ ਬੈਂਕ ਤੋਂ 14 ਕਰੋੜ ਤੇ ਯੂਕੋ ਬੈਂਕ ਕੋਲੋਂ 41 ਕਰੋੜ ਰੁਪਏ ਕਰਜ਼ਾ ਲਿਆ ਸੀ। ਕੁੱਲ 355 ਕਰੋੜ ਰੁਪਏ ਕਰਜ਼ ਦੇ ਹਨ ਤੇ ਇਕ ਵੀ ਪੈਸਾ ਵਾਪਸ ਨਹੀਂ ਕੀਤਾ ਗਿਆ।