ਜਸਪਾਲ ਸ਼ਰਮਾ, ਜੰਡਿਆਲਾ ਗੁਰੂ

ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਡੀਐੱਸਪੀ ਜੰਡਿਆਲਾ ਸੁੱਖਵਿੰਦਰਪਾਲ ਸਿੰਘ ਨੇ ਪ੍ਰਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਜ਼ਿਲ੍ਹਾ ਤਰਨਤਰਨ ਦੇ ਥਾਣਾ ਨਸ਼ਿਹਰਾ ਦੇ ਪਿੰਡ ਉਸਮਾ ਵਿਚ ਇਕ ਨੌਜਵਾਨ ਸ਼ਰਨਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਦੀ ਗੁੰਮ ਹੋ ਜਾਣ ਦੀ ਰਿਪੋਰਟ ਲਿਖਵਾਈ ਗਈ ਸੀ ਤੇ ਉਸ ਦੀ ਫੋਟੋ ਵੀ ਵੱਖ-ਵੱਖ ਥਾਣਿਆਂ ਵਿਚ ਭੇਜੀ ਗਈ ਸੀ। ਉਨ੍ਹਾਂ ਦੱਸਿਆ ਕਿ ਜੰਡਿਆਲਾ ਗੁਰੂ ਨੇੜੇ ਧਾਰੜ ਵਾਲੀ ਨਹਿਰ ਵਿਚੋਂ ਇਕ ਵਿਅਕਤੀ ਦੀ ਲਾਸ਼ ਬਾਰੇ ਸੂਚਨਾ ਮਿਲੀ ਸੀ। ਇਸ 'ਤੇ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਦੀ ਬਾਂਹ ਵਿਚ ਪਏ ਕੜੇ ਨੂੰ ਵੇਖਿਆ ਤਾਂ ਸ਼ੱਕ ਹੋਇਆ ਕਿ ਇਹ ਲਾਸ਼ ਕੁਝ ਦਿਨ ਪਹਿਲਾਂ ਗੁੰਮ ਹੋਏ ਪਿੰਡ ਉਸਮਾ ਦੇ ਸ਼ਰਨਜੀਤ ਸਿੰਘ ਦੀ ਲੱਗਦੀ ਹੈ। ਮਿ੍ਤਕ ਦੇ ਪਰਿਵਾਰ ਦੇ ਮੈਂਬਰਾਂ ਨੂੰ ਮੌਕੇ 'ਤੇ ਬੁਲਾ ਕੇ ਸ਼ਨਾਖਤ ਕੀਤੀ ਗਈ ਤਾਂ ਲਾਸ਼ ਦੀ ਪਛਾਣ ਸ਼ਰਨਜੀਤ ਸਿੰਘ ਦੇ ਰੂਪ ਵਿਚ ਹੋਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਐੱਸਐੱਸਪੀ ਅੰਮਿ੍ਤਸਰ ਦਿਹਾਤੀ ਧਰੁੱਵ ਦਹੀਆ ਨੂੰ ਫਰਿਆਦ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਹੋਈ ਹੈ। ਇਸ ਲਈ ਹੱਤਿਆ ਦਾ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇ। ਇਸ 'ਤੇ ਥਾਣਾ ਜੰਡਿਆਲਾ ਗੁਰੂ ਵਿਚ 302 ਦਾ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ। ਪਤਾ ਲਗਾਉਂਦਿਆ ਕੁਝ ਦਿਨਾਂ ਵਿਚ ਹੀ ਪੁਲਿਸ ਅਪਰਾਧੀਆਂ ਤਕ ਪਹੁੰਚ ਗਈ। ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਗੁਰਭੇਜ ਸਿੰਘ, ਗੁਰਪ੍ਰਰੀਤ ਸਿੰਘ ਤੇ ਗੁਰਮੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ। ਡੀਐੱਸਪੀ ਸੁੱਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਤੇ ਮਿ੍ਤਕ ਨਸ਼ੇ ਦੇ ਆਦੀ ਸਨ ਅਤੇ ਪੈਸਿਆਂ ਦੇ ਲੈਣ-ਦੇਣ ਵਿਚ ਉਸ ਦੀ ਹੱਤਿਆ ਕਰ ਦਿੱਤੀ ਗਈ। ਇਸ ਮੌਕੇ ਐੱਸਐੱਚਓ ਹਰਪ੍ਰਰੀਤ ਸਿੰਘ, ਰਜਿੰਦਰਪਾਲ ਸਿੰਘ, ਜਸਵਿੰਦਰ ਸਿੰਘ ਤੇ ਰਮੇਸ਼ ਕੁਮਾਰ (ਤਿੰਨੇ ਏਐੱਸਆਈਜ਼) ਹਾਜ਼ਰ ਸਨ। ਇਸ ਮੌਕੇ ਡੀਐੱਸਪੀ ਸੁੱਖਵਿੰਦਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਬਰਿਸ਼ਟਾ ਰੈਸਟੋਰੈਂਟ ਤੋਂ ਰੌਬਰੀ ਕਰ ਕੇ ਭੱਜੇ ਇਕ ਮੁਲਜ਼ਮ ਨੂੰ ਵੀ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਬਾਕੀ ਦੇ ਤਿੰਨ ਸਾਥੀ ਪਹਿਲਾਂ ਹੀ ਗਿ੍ਫ਼ਤਾਰ ਕਰ ਲਏ ਗਏ ਸਨ। ਹੁਣ ਉਨ੍ਹਾਂ ਦਾ ਚੌਥਾ ਸਾਥੀ ਵੀ ਫੜੇ ਜਾਣ ਨਾਲ ਇਸ ਕਾਂਡ ਵਿਚ ਸ਼ਾਮਲ ਚਾਰੇ ਮੁਲਜ਼ਮ ਗਿ੍ਫ਼ਤਾਰ ਕਰ ਲਏ ਗਏ ਹਨ।