ਰਮੇਸ਼ ਰਾਮਪੁਰਾ, ਅੰਮ੍ਰਿਤਸਰ : ਨਵੀਨੀਕਰਨ ਤੇ ਸੁੰਦਰੀਕਰਨ ਦੇ ਨਾਂ ਹੇਠ ਜੱਲ੍ਹਿਆਂਵਾਲਾ ਬਾਗ਼ ਦੇ ਇਤਿਹਾਸਕ ਮੂਲ ਸਰੂਪ ਤੇ ਪ੍ਰਮਾਣਿਤ ਤੱਥਾਂ ਨਾਲ ਕੀਤੀ ਛੇੜਛਾੜ ਖ਼ਿਲਾਫ਼ ਅੰਮ੍ਰਿਤਸਰ ਦੀਆਂ ਸਮੂਹ ਜਨਤਕ ਜਥੇਬੰਦੀਆਂ ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਜੱਲ੍ਹਿਆਂਵਾਲਾ ਬਾਗ਼ ਸਾਹਮਣੇ ਰੋਸ ਧਰਨਾ ਦਿੱਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇ ਕੇ ਕੌਮੀ ਆਜ਼ਾਦੀ ਸੰਗਰਾਮ ’ਚ ਸਿਰਮੌਰ ਸਥਾਨ ਰੱਖਦੇ ਜੱਲ੍ਹਿਆਂਵਾਲਾ ਬਾਗ਼ ਦਾ ਇਤਿਹਾਸਕ ਮੌਲਿਕ ਸਰੂਪ ਬਹਾਲ ਕਰਨ ਤੇ ਦਾਖ਼ਲਾ ਟਿਕਟ ਨਾ ਲਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਡੇਢ ਸਾਲ ਤੋਂ ਨਵੀਨੀਕਰਨ ਤੇ ਸੁੰਦਰੀਕਰਨ ਦੇ ਨਾਂ ਹੇਠ ਜੱਲ੍ਹਿਆਂਵਾਲਾ ਬਾਗ਼ ਦੇ ਇਤਿਹਾਸਕ ਵਿਰਾਸਤੀ ਸਰੂਪ ਅਤੇ ਪ੍ਰਮਾਣਿਤ ਤੱਥਾਂ ਨਾਲ ਸਾਮਰਾਜ ਪੱਖੀ ਛੇੜਛਾੜ ਕਰਕੇ ਜਿਥੇ ਅੰਗਰੇਜ਼ ਹਕੂਮਤ ਵੱਲੋਂ ਕੀਤੇ ਵਹਿਸ਼ੀਆਨਾ ਕਤਲੇਆਮ ਦੇ ਖੌਫ਼ਨਾਕ ਮੰਜ਼ਰ ਅਤੇ ਵਿਦਰੋਹ ਨੂੰ ਲੋਕ ਮਨਾਂ ’ਚੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਥੇ ਹੀ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਅਪਮਾਨ ਵੀ ਕੀਤਾ ਗਿਆ ਹੈ, ਜਿਸ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚੀ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਟਰੱਸਟ ਆਗੂਆਂ ’ਤੇ ਦੋਸ਼ ਲਾਇਆ ਕਿ ਜੱਲ੍ਹਿਆਂਵਾਲਾ ਬਾਗ਼ ਦੀ ਤੰਗ ਗਲੀ ਦੇ ਲਾਂਘੇ ਵਿਚ ਰੌਲਟ ਐਕਟ ਖ਼ਿਲਾਫ਼ ਵਿਦਰੋਹ ਕਰਦੇ ਲੋਕਾਂ ਦੀ ਬਜਾਏ ਨੱਚਦੇ-ਟੱਪਦੇ ਲੋਕਾਂ ਦੀਆਂ ਮੂਰਤੀਆਂ ਸਥਾਪਤ ਕਰਨਾ, ਫਾਇਰਿੰਗ ਪੁਆਇੰਟ ਦੇ ਪਿੱਲਰ ਨੂੰ ਢਾਹੁਣਾ, ਸ਼ਹੀਦੀ ਅਮਰ ਜਯੋਤੀ ਨੂੰ ਤਬਦੀਲ ਕਰਨਾ, ਸ਼ਹੀਦੀ ਸਮਾਰਕ ਸਾਹਮਣੇ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਸਥਾਪਤ ਕਰਨਾ, ਸ਼ਹੀਦੀ ਖੂਹ ਦਾ ਮੌਲਿਕ ਸਰੂਪ ਵਿਗਾੜਨਾ, ਗੋਲੀਆਂ ਦੇ ਨਿਸ਼ਾਨ ਜ਼ਮੀਨੀ ਪੱਧਰ ਤੋਂ ਹੇਠਾਂ ਰੱਖਣਾ, ਸ਼ਹੀਦੀ ਗਰਾਊਂਡ ਨੂੰ ਪਹਾੜੀਨੁਮਾ ਘਾਹ ਪਾਰਕਾਂ ’ਚ ਤਬਦੀਲ ਕਰਨਾ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਆਦਿ ਦੀਆਂ ਤਸਵੀਰਾਂ ਹੇਠ ‘ਸ਼ਹੀਦ’ ਨਾ ਲਿਖਣਾ, ਫੋਟੋ ਗੈਲਰੀਆਂ ਵਿਚ ‘ਆਜ਼ਾਦੀ ਸੰਗਰਾਮ’ ਦੀ ਥਾਂ ‘ਰਾਸ਼ਟਰਵਾਦ’ ਦਾ ਸ਼ਬਦ ਵਾਰ-ਵਾਰ ਪ੍ਰਯੋਗ ਕਰਨਾ ਅਤੇ ਵਿਰੋਧ ਦੇ ਬਾਵਜੂਦ ਦਾਖ਼ਲਾ ਟਿਕਟ ਦੇ ਕਾਊਂਟਰ ਸਥਾਪਤ ਕਰਨਾ ਆਦਿ ਸਾਮਰਾਜ ਪੱਖੀ ਛੇੜਛਾੜ ਕਰਕੇ ਇਕ ਖਾਸ ਰਾਜਸੀ ਮੰਤਵ ਤਹਿਤ ਇਸ ਇਤਿਹਾਸਕ ਸ਼ਹੀਦੀ ਸਥਾਨ ਨੂੰ ਮਨੋਰੰਜਕ ਸੈਰਗਾਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਸਮੇਤ ਦੇਸ਼ ਦੀਆਂ ਸਮੂਹ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਅਤੇ ਕਰੋੜਾਂ ਲੋਕ ਅਜਿਹੀਆਂ ਸਾਮਰਾਜਪੱਖੀ ਤਬਦੀਲੀਆਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।

ਇਸ ਮੌਕੇ ਕਿਸਾਨ ਆਗੂਆਂ ਕਾਮਰੇਡ ਰਤਨ ਸਿੰਘ ਰੰਧਾਵਾ, ਗੁਰਬਚਨ ਸਿੰਘ, ਕਾਮਰੇਡ ਅਮਰਜੀਤ ਆਸਲ, ਕਾਮਰੇਡ ਵਿਜੈ ਮਿਸ਼ਰਾ, ਧਨਵੰਤ ਸਿੰਘ ਖਤਰਾਏ ਕਲਾਂ, ਰਮੇਸ਼ ਯਾਦਵ, ਜਤਿੰਦਰ ਛੀਨਾ, ਪਰਮਜੀਤ ਸਿੰਘ ਚਾਟੀਵਿੰਡ, ਬੀਬੀ ਬਲਵਿੰਦਰ ਕੌਰ, ਐਡਵੋਕੇਟ ਅਮਰਜੀਤ ਬਾਈ, ਭੁਪਿੰਦਰ ਸੰਧੂ, ਸੁਮੀਤ ਸਿੰਘ, ਹਰਜੀਤ ਸਿੰਘ ਝੀਤੇ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਟਰੱਸਟ ਵੱਲੋਂ ਬਾਗ਼ ਦੇ ਇਤਿਹਾਸਕ ਸਰੂਪ ਨਾਲ ਜਾਣ-ਬੁੱਝ ਕੇ ਇਸ ਲਈ ਖਿਲਵਾੜ ਕੀਤਾ ਗਿਆ ਹੈ ਤਾਂ ਕਿ ਦੇਸ਼ ਦੇ ਕਰੋੜਾਂ ਮਿਹਨਤਕਸ਼ ਲੋਕ ਅਤੇ ਖ਼ਾਸ ਕਰਕੇ ਨੌਜਵਾਨ ਪੀੜੀ ਜ਼ਾਲਮ ਅੰਗਰੇਜ਼ ਹਕੂਮਤ ਵੱਲੋਂ ਕੀਤੇ ਜੱਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਖ਼ਿਲਾਫ਼ ਵਿਦਰੋਹੀ ਸੁਰ ਅਪਣਾ ਕੇ ਆਪਣੇ ਜਮਹੂਰੀ ਹੱਕਾਂ ਦੀ ਰਾਖੀ ਲਈ ਕਿਤੇ ਮੌਜੂਦਾ ਸਾਮਰਾਜ ਪੱਖੀ ਸਰਕਾਰਾਂ ਖ਼ਿਲਾਫ਼ ਹੀ ਵਿਦਰੋਹ ਕਰਨ ’ਤੇ ਉਤਾਰੂ ਨਾ ਹੋ ਜਾਣ।

ਬੁਲਾਰਿਆਂ ਨੇ ਤਿੱਖਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਰਿਕਾਰਡ ਅਨੁਸਾਰ ਭਾਰਤ ਸਰਕਾਰ ਵੱਲੋਂ ਹਾਲੇ ਤਕ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ ਨੂੰ ਸ਼ਹੀਦ ਦਾ ਦਰਜਾ ਹੀ ਨਹੀਂ ਦਿੱਤਾ ਗਿਆ ਪਰ ਆਜ਼ਾਦੀ ਸੰਗਰਾਮ ਦੇ ਇਹ ਮਹਾਨ ਨਾਇਕ ਸਰਕਾਰੀ ਸਨਮਾਨਾਂ ਦੇ ਕਦੇ ਮੁਥਾਜ ਨਹੀਂ ਰਹੇ ਬਲਕਿ ਇਹ ਦੁਨੀਆ ਦੇ ਕਰੋੜਾਂ ਮਿਹਨਤਕਸ਼ ਲੋਕਾਂ ਲਈ ਇਨਕਲਾਬ ਦੇ ਪ੍ਰਤੀਕ ਬਣ ਕੇ ਲੋਕ ਮਨਾਂ ਵਿਚ ਅੱਜ ਵੀ ਵਸਦੇ ਹਨ।

ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਰਾਹੀਂ ਤਿੱਖੇ ਰੋਸ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਗਈ ਹੈ ਕਿ ਜੱਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਧਰੋਹਰ ਨਾਲ ਆਪਣੇ ਮਨਪਸੰਦ ਦੀ ਕੀਤੀ ਛੇੜਛਾੜ ਨੂੰ ਰੱਦ ਕਰਕੇ ਤੁਰੰਤ ਬਾਗ਼ ਦਾ ਮੂਲ ਸਰੂਪ ਬਹਾਲ ਕੀਤਾ ਜਾਵੇ।

ਇਸ ਮੌਕੇ ਕਿਸਾਨ ਆਗੂ ਪਲਵਿੰਦਰ ਸਿੰਘ, ਕਰਮਜੀਤ ਸਿੰਘ, ਕਾ. ਬਲਵਿੰਦਰ ਦੁਧਾਲਾ, ਜਸਪਾਲ ਬਾਸਰਕਾ, ਅਸ਼ਵਨੀ ਕੁਮਾਰ, ਰਾਜ ਕੁਮਾਰ ਵੇਰਕਾ, ਸ਼ਕਤੀ ਸਿੰਘ, ਬਲਬੀਰ ਮੂਧਲ, ਹੁਸ਼ਿਆਰ ਸਿੰਘ ਝੰਡੇਰ, ਹਰਜੀਤ ਸਿੰਘ ਸਰਕਾਰੀਆ, ਸਾਹਿਬ ਸਿੰਘ, ਧਨਵੰਤ ਸਿੰਘ, ਮਹਿਤਾਬ ਸਿੰਘ, ਅਮਰਜੀਤ ਵੇਰਕਾ, ਅਮੋਲਕ ਸਿੰਘ, ਕਿਰਪਾਲ ਸਿੰਘ, ਸੁਖਮੀਤ ਸਿੰਘ, ਜਗਤਾਰ ਕਰਮਪੁਰਾ, ਗੁਰਜਿੰਦਰ ਬਘਿਆੜੀ, ਬਲਬੀਰ ਝਾਮਕਾ, ਧਰਮਿੰਦਰ ਕੋਹਾਲੀ, ਜਗਰੂਪ ਐਮਾ, ਸੁਖਵੰਤ ਬਘਿਆੜ, ਜਗਬੀਰ ਸਿੰਘ ਛੀਨਾ, ਸਾਧੂ ਸਿੰਘ ਛੀਨਾ ਆਦਿ ਨੇ ਸ਼ਮੂਲੀਅਤ ਕੀਤੀ।

Posted By: Ramandeep Kaur