ਰਾਜਨ ਮਹਿਰਾ, ਅੰਮਿ੍ਤਸਰ : ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਪੀਸੀਸੀਟੀਯੂ ਦੇ ਸੱਦੇ 'ਤੇ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਡੀਏਵੀ ਕਾਲਜਾਂ ਦੇ ਅਧਿਆਪਕਾਂ ਨੇ ਮੰਗਾਂ ਨੂੰ ਮੁੱਖ ਰੱਖਦੇ ਹੋਏ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਵਿਰੁੱਧ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਡਾ. ਬੀਬੀ ਯਾਦਵ ਨੇ ਦੱਸਿਆ ਕਿ ਸਥਾਨਕ ਅੰਮਿ੍ਤਸਰ ਵਿਚ ਬੀਬੀਕੇ ਡੀਏਵੀ ਕਾਲਜ, ਡੀਏਵੀ ਕਾਲਜ ਐਜੂਕੇਸ਼ਨ ਅਤੇ ਡੀਏਵੀ ਕਾਲਜ ਹਾਥੀ ਗੇਟ ਵਿਚ ਅਧਿਆਪਕਾਂ ਨੇ ਕਾਲੇ ਬਿੱਲੇ ਲਾਏ, ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਅਧਿਆਪਕ ਵਰਗ ਦੀ ਤਰੱਕੀ ਸਬੰਧੀ ਲਟਕੇ ਕੇਸਾਂ ਵੱਲ ਮੈਨੇਜਮੈਂਟ ਦਾ ਧਿਆਨ ਦਿਵਾਇਆ ਜਾ ਸਕੇ। ਮੈਨੇਜਿੰਗ ਕਮੇਟੀ ਨਾਲ ਸਮੇਂ-ਸਮੇਂ 'ਤੇ ਗੱਲਬਾਤ ਕੀਤੀ ਗਈ ਪਰ ਮੈਨੇਜਿੰਗ ਕਮੇਟੀ ਦੀ ਨੀਤੀ ਹਮੇਸ਼ਾ ਟਾਲਮਟੋਲ ਵਾਲੀ ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ 12 ਅਗਸਤ 2019 ਨੂੰ ਮੈਨੇਜਿੰਗ ਕਮੇਟੀ ਦੀ ਪ੍ਰਤੀਨਿਧੀਆਂ ਅਤੇ ਅਧਿਆਪਕ ਜਥੇਬੰਦੀ ਦੇ ਅਹੁਦੇਦਾਰਾਂ ਨਾਲ ਇਕ ਮੀਟਿੰਗ ਡੀਏਵੀ ਕਾਲਜ ਜਲੰਧਰ ਵਿਖੇ ਹੋਈ ਸੀ, ਜਿਸ ਵਿਚ ਫੈਸਲਾ ਹੋਇਆ ਸੀ ਕਿ ਜਿੰਨੇ ਵੀ ਪ੍ਰਰੋਮੋਸ਼ਨ ਦੇ ਕੇਸ ਬਣਦੇ ਹਨ, ਉਹ ਦੋ ਮਹੀਨਿਆਂ ਅੰਦਰ ਨਿਪਟਾ ਦਿੱਤੇ ਜਾਣਗੇ ਪਰ ਮੈਨੇਜਿੰਗ ਕਮੇਟੀ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ ਹੈ। ਡਾ. ਗੁਰਦਾਸ ਸਿੰਘ ਸੇਖੋਂ ਪ੍ਰਧਾਨ, ਡਾ. ਮਨੀਸ਼ ਗੁਪਤਾ ਸਕੱਤਰ ਅਤੇ ਡਾ. ਮਲਕੀਤ ਸਿੰਘ ਉਪ ਪ੍ਰਧਾਨ ਨੇ ਕਿਹਾ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਨਾ ਕੀਤਾ ਗਿਆ ਤਾਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਰਾਜੇਸ਼ ਮਿਤੂ, ਸੰਜੀਵ ਦੱਤਾ, ਵਿਕਾਸ ਭਾਰਦਵਾਜ, ਆਸ਼ੂ ਵਿੱਜ, ਅਮਨਜੋਤ ਕੌਰ, ਰਵੀ ਸ਼ਰਮਾ, ਹਰਸਿਮਰਨ ਆਨੰਦ, ਰੂਪਿੰਦਰ ਸਿੱਧੂ, ਜੀਐੱਸ ਸਿੱਧੂ, ਮਦਨ ਮੋਹਨ, ਰਜਨੀ ਖੰਨਾ, ਦਰਸ਼ਨਦੀਪ, ਡੇਜ਼ੀ ਸ਼ਰਮਾ, ਵਿਕਰਮ ਚੌਧਰੀ, ਰਵੀਕਾਂਤ, ਅਜੇ ਕੁਮਾਰ, ਅਨੀਤਾ ਮਹਾਜਨ, ਜੇਜੇ ਮਹਿੰਦਰੂ, ਸਮੀਰ ਕਾਲੀਆ ਤੇ ਵਿਕਰਮ ਸ਼ਰਮਾ ਆਦਿ ਹਾਜਰ ਸਨ।

ਫੋਟੋ-44