ਦਿਲਬਾਗ ਰਾਣੇਵਾਲੀ, ਰਾਜਾਸਾਂਸੀ : ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਗਏ ਬਿੱਲਾਂ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ 'ਚ ਰੋਸ ਵਧਦਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਵੀ ਆਪਣੇ ਫ਼ੈਸਲੇ ਤੋਂ ਪਿੱਛੇ ਹਟਦੀ ਦਿਖਾਈ ਨਹੀਂ ਦੇ ਰਹੀ। ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਝੰਜੋਟੀ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੈਂਕੜੇ ਕਿਸਾਨਾਂ, ਮਜ਼ਦੂਰਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰਦਿਆਂ ਪਿੰਡ ਝੰਜੋਟੀ ਦੇ ਮੇਨ ਅੱਡੇ 'ਚ ਕਰੀਬ ਦੋ ਘੰਟੇ ਧਰਨਾ ਦਿੱਤਾ।

ਇਸ ਮੌਕੇ ਸੰਬੋਧਨ ਦੌਰਾਨ ਲਖਵਿੰਦਰ ਸਿੰਘ ਸਰਪੰਚ ਝੰਜੋਟੀ ਨੇ ਕਿਹਾ ਕਿ ਅੱਜ ਦੇਸ਼ ਦੀਆਂ ਸਮੂਹ ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਗਏ ਕਾਨੂੰਨਾਂ ਖ਼ਿਲਾਫ਼ ਜਿਨ੍ਹਾਂ 'ਚ ਸਰਕਾਰੀ ਖ਼ਰੀਦ ਬੰਦ ਕਰਨਾ, ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ਼ ਬੰਦ ਕਰਨਾ, ਕਿਸਾਨਾਂ ਦੀਆਂ ਜ਼ਮੀਨਾਂ ਤੇ ਠੇਕਾ ਆਧਾਰਿਤ ਖੇਤੀ ਕਾਨੂੰਨ ਰਾਹੀਂ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣਾ ਆਦਿ ਫੈਸਲਿਆਂ ਖ਼ਿਲਾਫ਼ ਜੰਗ ਲੜੀ ਜਾ ਰਹੀ ਹੈ। ਇਸ ਮੌਕੇ ਸਾਬਕਾ ਸਰਪੰਚ ਭੁਪਿੰਦਰ ਸਿੰਘ, ਅਮਨਦੀਪ ਸਿੰਘ ਰਿੰਪਲ, ਬਲਵਿੰਦਰ ਸਿੰਘ, ਜਗਤਾਰ ਸਿੰਘ, ਲਾਲ ਸਿੰਘ (ਸਾਰੇ ਪੰਚ) ਕੈਪਟਨ ਸੱਜਣ ਸਿੰਘ, ਕੈਪਟਨ ਲੱਖਾ ਸਿੰਘ, ਕੁਲਵੰਤ ਸਿੰਘ ਫੌਜੀ, ਦਵਿੰਦਰ ਸਿੰਘ ਪੱਕੇ ਬੂਹੇ ਵਾਲਾ, ਦਰਬਾਰਾ ਸਿੰਘ, ਬਲਬੀਰ ਸਿੰਘ ਨੰਬਰਦਾਰ, ਬਾਬਾ ਬਲਵੰਤ ਸਿੰਘ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਵਿਕਰਮਜੀਤ ਸਿੰਘ ਵਿੱਕੀ ਚੀਮਾ, ਜਸਪਾਲ ਸਿੰਘ, ਸੁੱਖਾ ਸਿੰਘ ਤੇੜਾ ਵਾਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ, ਮਜ਼ਦੂਰ ਹਾਜ਼ਰ ਸਨ।