ਕੁਲਦੀਪ ਸੰਤੂਨੰਗਲ, ਗੁਰੂ ਕਾ ਬਾਗ

ਮਗਨਰੇਗਾ ਕਰਮਚਾਰੀ ਯੂਨੀਅਨ ਬਲਾਕ ਬਲਾਕ ਹਰਸ਼ਾ ਛੀਨਾ ਦੇ ਪ੍ਰਧਾਨ ਸੁਖਰਾਜ ਸਿੰਘ ਅਵਾਨ ਦੀ ਅਗਵਾਈ ਹੇਠ ਮਗਨਰੇਗਾ ਮੁਲਾਜ਼ਮਾਂ ਵੱਲੋਂ ਬੀਡੀਪੀਓ ਦਫ਼ਤਰ ਹਰਸ਼ਾ ਛੀਨਾ ਵਿਖੇ ਮੰਗਾਂ ਦੀ ਪੂਰਤੀ ਲਈ ਬਲਾਕ ਪੱਧਰੀ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਸੁਖਰਾਜ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਮਗਨਰੇਗਾ ਅਧੀਨ ਪਿਛਲੇ 10-12 ਸਾਲਾਂ ਤੋਂ ਡਿਊਟੀ ਕਰ ਰਹੇ ਮਗਨਰੇਗਾ ਮੁਲਾਜ਼ਮਾਂ ਵੱਲੋਂ ਅੱਜ ਮੰਗਾਂ ਦੀ ਪੂਰਤੀ ਲਈ ਬਲਾਕ ਪੱਧਰੀ ਧਰਨੇ ਪ੍ਰਦਰਸ਼ਨ ਪੂਰੇ ਪੰਜਾਬ ਵਿਚ ਸ਼ੁਰੂ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਸਮੇਂ-ਸਮੇਂ 'ਤੇ ਮਗਨਰੇਗਾ ਯੂਨੀਅਨ ਵੱਲੋਂ ਸੇਵਾਵਾਂ ਪੰਚਾਇਤ ਵਿਭਾਗ ਵਿਚ ਮਰਜ ਕਰਕੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਤੋਂ ਜ਼ੋਰਦਾਰ ਢੰਗ ਨਾਲ ਆਪਣੀ ਮੰਗ ਉਠਾਈ ਜਾ ਰਹੀ ਹੈ ਪਰ ਵਿਭਾਗ ਵੱਲੋਂ ਰੈਗੂਲਰ ਕਰਨ ਦਾ ਕੇਸ ਦੋ ਵਾਰ ਪ੍ਰਸ਼ੋਨਲ ਵਿਭਾਗ ਨੂੰ ਭੇਜਿਆ ਵੀ ਜਾ ਚੁੱਕਾ ਹੈ ਜੋ ਕਿ ਸਰਕਾਰ ਵੱਲੋਂ ਪੈਸਿਆਂ ਦੀ ਘਾਟ ਕਾਰਨ ਬਹਾਨਾ ਬਣਾ ਕੇ ਵਾਪਸ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਨਰੇਗਾ ਮੁਲਾਜ਼ਮਾਂ ਨੇ ਤਜਰਬੇ ਨੂੰ ਦਰਕਿਨਾਰੇ ਕਰਕੇ ਵਿਭਾਗ ਵਿਚ ਪਹਿਲਾਂ ਵੀ ਪੰਚਾਇਤ ਸਕੱਤਰ ਸਟੈਨੋਗ੍ਰਾਫਰਾਂ ਦੀ ਭਰਤੀ ਕੀਤੀ ਜਾ ਚੁੱਕੀ ਅਤੇ ਭਵਿੱਖ ਵਿਚ ਵਿਭਾਗ ਨਵੀਂ ਭਰਤੀ ਦੀ ਯੋਜਨਾ ਬਣਾ ਰਿਹਾ ਹੈ, ਜਿਸ 'ਚ ਮਗਨਰੇਗਾ ਮੁਲਾਜ਼ਮਾਂ ਨੂੰ ਕੋਈ ਛੋਟ ਦਿੱਤੀ ਜਾਵੇ ਅਜਿਹੀ ਕੋਈ ਆਸ ਨਹੀਂ ਹੈ। ਇਕ ਪਾਸੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਹੀ ਇੰਮਪਲਾਇਜ਼ ਵੈੱਲਫੇਅਰ ਐਕਟ 2016 ਲਾਗੂ ਕਰ ਕੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਗਨਰੇਗਾ ਮੁਲਾਜ਼ਮ ਪਿਛਲੇ 10 ਸਾਲਾਂ ਤੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਵੱਖ-ਵੱਖ ਆਰਜ਼ੀ ਅਸਾਮੀਆਂ 'ਤੇ ਕੰਮ ਕਰ ਰਹੇ ਹਨ ਸਾਰੇ 1539 ਮੁਲਾਜ਼ਮਾਂ ਦੀ ਭਰਤੀ ਰੈਗੂਲਰ ਭਰਤੀ ਸਮੇਂ ਵਰਤੇ ਜਾਂਦੇ ਮਾਪਦੰਡ ਦੇ ਅਨੁਸਾਰ ਪੂਰੀ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਕੀਤੀ ਗਈ ਸੀ, ਪਰ ਸਰਕਾਰ ਰੈਗੂਲਰ ਦੀ ਮੰਗ 'ਤੇ ਲਾਰੇ ਲਾ ਕੇ ਸਮਾਂ ਟਪਾ ਰਹੀ ਹੈ। ਅੱਜ ਤਕ ਨਾ ਤਾਂ ਮਗਨਰੇਗਾ ਮੁਲਾਜ਼ਮਾਂ ਦਾ ਪੀ ਐੱਫ ਕੱਟਿਆ ਗਿਆ ਹੈ, ਨਾ ਮੋਬਾਈਲ ਭੱਤਾ, ਡਿਊਟੀ ਦੌਰਾਨ ਮੌਤ ਹੋਣ 'ਤੇ ਨਾ ਕੋ ਲਾਭ ਤੇ ਨਾ ਹੀ ਮੈਡੀਕਲ ਸਹੂਲਤਾਂ ਨਿਗੁਣਾ ਆਵਾਜਾਈ ਭੱਤਾ ਨਾ ਸਰਵਿਸ ਰਿਕਾਰਡ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 21 ਅਗਸਤ ਸੂਬਾ ਪੱਧਰੀ ਮੀਟਿੰਗ ਵਿਚ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਅੱਜ ਤੋਂ ਮਨਰੇਗਾ ਦੇ ਹਰ ਤਰ੍ਹਾਂ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਕੇ 16,17,18 ਸਤੰਬਰ ਨੂੰ ਬਲਾਕ ਪੱਧਰੀ ਧਰਨੇ ਦੇਣ ਤੋਂ ਬਾਅਦ 19 ਅਤੇ 20 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਵਿਸ਼ਾਲ ਧਰਨੇ ਦਿੱਤੇ ਜਾਣਗੇ ਜੇਕਰ ਫਿਰ ਵੀ ਮੰਗਾਂ ਨਾਂ ਪੂਰੀਆਂ ਹੋਈਆਂ ਤਾਂ ਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਕੀਤੀਆਂ ਜਾਣਗੀਆਂ ਜੋ ਕਿ ਮੱਥੇ ਸਮੇਂ ਲਈ ਪੱਕੇ ਮੋਰਚੇ ਵਿੱਚ ਤਬਦੀਲ ਹੋ ਜਾਵੇਗਾ।

ਇਸ ਤੋਂ ਪਹਿਲਾਂ ਹੀ ਕਾਂਗਰਸ ਸੰਸਦ ਮੈਂਬਰ ਕੈਬਨਿਟ ਮੰਤਰੀ ਵਿਧਾਇਕਾਂ ਤੇ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਸਰਕਾਰ ਤੇ ਕੋਈ ਵੀ ਗੱਲਬਾਤ ਦੀ ਪੇਸ਼ਕਸ਼ ਨਹੀਂ ਕੀਤੀ। ਇਸ ਸਮੇਂ ਬਲਵਿੰਦਰ ਸਿੰਘ ਏਪੀਓ, ਮਨੀਸ਼ ਸ਼ਰਮਾ ਜੇਈ, ਜਸਵਿੰਦਰ ਸਿੰਘ ਸੈਂਸਰਾ ਮਗਨੇਰਗਾ ਸੈਕਟਰੀ, ਮਨਜਿੰਦਰ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।