ਪੱਤਰ ਪ੍ਰੇਰਕ, ਛੇਹਰਟਾ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ 'ਤੇ ਸੂਬੇ ਭਰ ਦੇ ਵੱਡੀ ਗਿਣਤੀ ਅਧਿਆਪਕਾਂ ਨੇ 'ਕਾਲੇ ਬਿੱਲੇ' ਲਾ ਕੇ ਸਿੱਖਿਆ ਮੰਤਰੀ ਦੁਆਰਾ ਵਰਤੀ ਗਈ ਗ਼ਲਤ ਸ਼ਬਦਾਵਲੀ ਦਾ ਵਿਰੋਧ ਪ੍ਰਗਟਾਇਆ।

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ 'ਤੇ ਮਿਡ ਡੇ ਮੀਲ ਕੁੱਕ ਵਰਕਰਾਂ ਨੇ ਇਸ ਵਿਰੋਧ ਦਾ ਹਿੱਸਾ ਬਣਦਿਆਂ ਅਧਿਆਪਕਾਂ ਦੇ ਮਾਣ-ਸਨਮਾਨ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਹਾਅ ਦਾ ਨਾਅਰਾ ਮਾਰਿਆ।

ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਪੂਨੀਆ ਅਤੇ ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਪੰਜਾਬ ਦੇ ਆਮ ਪਰਿਵਾਰਾਂ ਦੇ ਬੇਰੁਜ਼ਗਾਰ ਬੱਚੇ-ਬੱਚੀਆਂ ਪ੍ਰਤੀ ਮਾੜੀ ਸ਼ਬਦਾਵਲੀ ਵਰਤ ਕੇ ਕਾਂਗਰਸ ਸਰਕਾਰ ਦੀ ਸਿਆਸਤ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ।

ਸਿੱਖਿਆ ਮੰਤਰੀ ਦੁਆਰਾ ਵਰਤੀ ਗਈ ਅਨੈਤਿਕ ਸ਼ਬਦਾਵਲੀ ਨੇ ਪੰਜਾਬ ਦੇ ਲੋਕਾਂ ਦਾ ਸਿਰ ਨੀਵਾਂ ਕੀਤਾ ਹੈ, ਉੱਥੇ ਹੀ ਸਰਕਾਰਾਂ ਦੀ ਆਮ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਪਹੁੰਚ ਦਾ ਪ੍ਰਗਟਾਵਾ ਵੀ ਕੀਤਾ ਹੈ। ਉਨ੍ਹਾਂ ਦੀ ਅਨੈਤਿਕ ਹਰਕਤ ਦਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਤਿੱਖਾ ਨੋਟਿਸ ਲੈਂਦਿਆਂ ਪੰਜਾਬ ਦੇ ਅਧਿਆਪਕਾਂ ਨੂੰ ਕਾਲੇ ਬਿੱਲੇ ਲਾ ਕੇ ਇਸਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦਾ ਸਤਿਕਾਰ ਕਰਦਿਆਂ ਨਾ ਸਿਰਫ਼ ਅਧਿਆਪਕਾਂ ਨੇ ਸਗੋਂ ਹੋਰ ਮੁਲਾਜ਼ਮਾਂ, ਜਿਨ੍ਹਾਂ ਵਿਚ ਨਾਨ ਟੀਚਿੰਗ ਸਟਾਫ ਅਤੇ ਮਿਡ ਡੇ ਮੀਲ ਵਰਕਰਾਂ ਨੇ ਵੀ ਪੂਰੇ ਪੰਜਾਬ ਵਿਚ ਪੰਜਾਹ ਹਜ਼ਾਰ ਤੋਂ ਵੱਧ ਗਿਣਤੀ ਵਿਚ ਕਾਲੇ ਬਿੱਲੇ ਲਾ ਕੇ ਵਿਰੋਧ ਦਾ ਪ੍ਰਗਟਾਵਾ ਕੀਤਾ।

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਪ੍ਰਿੰਸੀਪਲਾਂ, ਸਕੂਲ ਮੁਖੀਆਂ, ਅਧਿਆਪਕਾਂ ਅਤੇ ਸਕੂਲ ਦੇ ਹੋਰ ਮੁਲਾਜ਼ਮਾਂ ਵੱਲੋਂ ਕੀਤੇ ਗਏ ਰੋਸ ਪ੍ਰਗਟਾਵੇ ਵਿਚ ਸ਼ਾਮਲ ਹੋਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਇਸ ਮਾਮਲੇ ਵਿਚ ਤੁਰੰਤ ਬਿਨਾ ਸ਼ਰਤ ਮਾਫ਼ੀ ਮੰਗਣ ਅਤੇ ਨੈਤਿਕ ਤੌਰ 'ਤੇ ਸਿੱਖਿਆ ਵਿਭਾਗ ਦੇ ਮੰਤਰੀ ਦੀ ਜ਼ਿੰਮੇਵਾਰੀ ਤੋਂ ਅਸਤੀਫ਼ਾ ਦੇਣ।

ਰੋਸ ਪ੍ਰਗਟਾਵੇ ਦੌਰਾਨ ਵਿਕਰਮ ਦੇਵ ਸਿੰਘ,ਅਸ਼ਵਨੀ ਅਵਸਥੀ, ਧਰਮ ਸਿੰਘ ਲੁਧਿਆਣਾ, ਰਾਜੀਵ ਬਰਨਾਲਾ, ਓਮ ਪਕਾਸ਼ ਮਾਨਸਾ, ਜਗਪਾਲ ਬੰਗੀ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਵੜੈਚ, ਸੂਬਾ ਸਕੱਤਰ ਜਰਮਨਜੀਤ ਸਿੰਘ ਅਤੇ ਡੀਟੀਐੱਫ ਆਗੂ ਅਸ਼ਵਨੀ ਟਿੱਬਾ, ਹਰਜਿੰਦਰ ਵਡਾਲਾ ਬਾਂਗਰ, ਕੁਲਵਿੰਦਰ ਜੋਸਨ, ਪਵਨ ਕੁਮਾਰ ਮੁਕਤਸਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਪਾਲ ਗਿੱਲ ਅਤੇ ਸੁਖਦੇਵ ਡਾਂਸੀਵਾਲ ਤੋਂ ਇਲਾਵਾ ਅਤਿੰਦਰ ਪਾਲ ਸਿੰਘ, ਗੁਰਮੀਤ ਸੁਖਪੁਰ, ਅਮਰੀਕ ਸਿੰਘ ਮੁਹਾਲੀ, ਸੁਨੀਲ ਕੁਮਾਰ ਫਾਜਿਲਕਾ, ਲਖਵਿੰਦਰ ਸਿੰਘ, ਗੁਰਪਿਆਰ ਕੋਟਲੀ, ਹਰਜਿੰਦਰ ਸਿੰਘ ਫਰੀਦਕੋਟ, ਅਮਨਦੀਪ ਸਿੰਘ ਦੇਵੀਗੜ੍ਹ, ਐੱਸਐੱਸਏ ਰਮਸਾ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਹਰਦੀਪ ਸਿੰਘ ਟੋਡਰਪੁਰ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਮੁਲਾਜ਼ਮ ਆਗੂ ਮੌਜੂਦ ਰਹੇ।