ਪੰਜਾਬੀ ਜਾਗਰਣ ਟੀਮ, ਜੰਡਿਆਲਾ ਗੁਰੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 7 ਥਾਵਾਂ 'ਤੇ ਪੰਜਾਬ ਪੱਧਰੀ ਸਫਲ ਰੇਲ ਰੋਕੋ ਅੰਦੋਲਨ ਤੋਂ ਬਾਅਦ ਅੱਜ ਰੇਲ ਪਟਰੀਆਂ ਉੱਤੇ ਅੱਜ ਕੇਸਰੀ ਚੁੰਨੀਆਂ ਦਾ ਹੜ ਆਇਆ। ਪੰਜਾਬ ਦੀਆਂ ਮਾਵਾਂ, ਭੈਣਾਂ, ਬੇਟੀਆਂ ਦੀ ਸੰਘਰਸ਼ ਵਿਚ ਸਰਗਰਮ ਸ਼ਮੂਲੀਅਤ ਅੰਦੋਲਨ ਨੂੰ ਜਿੱਤ ਵੱਲ ਲੈ ਕੇ ਜਾਵੇਗੀ। ਔਰਤਾਂ ਸਮਾਜ ਦਾ ਥੰਮ ਹਨ। ਅੱਜ ਔਰਤਾਂ ਦੇ ਵੱਡੇ ਇਕੱਠ ਨੂੰ ਦੇਵੀਦਾਸਪੁਰ ਅੰਮ੍ਰਿਤਸਰ ਵਿਖੇ ਸੰਬੋਧਨ ਕਰਦਿਆਂ ਹੋਇਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਦਾ ਟੁੱਟਣਾ ਕਿਸਾਨ ਅੰਦੋਲਨ ਦੀ ਜਿੱਤ ਹੈ। ਅੱਜ ਦੇ ਧਰਨੇ ਵਿਚ ਮੋਦੀ ਸਰਕਾਰ ਦੇ ਖਿਲਾਫ ਪੂਰੇ ਰੋਹ ਤੇ ਗੁੱਸੇ ਨਾਲ ਖੇਤੀ ਆਰਡੀਨੈਂਸ ਦੇ ਖਿਲਾਫ ਨਾਅਰੇਬਾਜ਼ੀ ਕਰਦੀਆਂ ਹੋਈਆਂ ਹਜ਼ਾਰਾਂ ਬੀਬੀਆਂ ਕੇਸਰੀ ਚੁੰਨੀਆਂ ਲੈ ਕੇ ਸ਼ਾਮਿਲ ਹੋਈਆਂ। ਅੱਜ ਕੇਸਰੀ ਰੰਗ ਨਾਲ ਸੱਜਿਆ ਹੋਇਆ ਪੂਰਾ ਪੰਡਾਲ ਇਕ ਵਿਲੱਖਣ ਦ੍ਰਿਸ਼ ਪੇਸ਼ ਕਰ ਰਿਹਾ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣੇ ਦੇ ਡਿਪਟੀ ਸੀਐੱਮ ਦੁਸ਼ਿਅੰਤ ਚੌਟਾਲਾ ਕਿਸਾਨਾਂ ਦੀਆਂ ਵੋਟਾਂ ਲੈ ਕੇ ਬਣੇ ਹਨ ਪਰ ਖੱਟਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦੀ ਅਵਾਜ਼ ਦਾ ਗਲਾ ਘੁੱਟ ਰਹੇ ਹਨ ਤੇ ਕਿਸਾਨ ਅੰਦੋਲਨਕਾਰੀਆਂ ਨੂੰ ਪੁਲਿਸ ਫੋਰਸਾਂ ਨਾਲ ਦਬਾਉਣ ਦਾ ਯਤਨ ਕਰ ਰਹੇ ਹਨ। ਮੋਦੀ ਸਰਕਾਰ ਵੱਲੋਂ ਝੋਨੇ ਦੀ ਖ੍ਰੀਦ ਸ਼ੁਰੂ ਕਰਕੇ ਕਿਸਾਨਾਂ ਨੂੰ ਖੁਸ਼ ਕਰਨ ਤੇ ਕਿਸਾਨਾਂ ਵਿਚ ਫੁੱਟ ਪਾਉਣ ਦਾ ਯਤਨ ਕੀਤਾ ਹੈ ਜਦਕਿ ਝੋਨਾ ਅਜੇ ਮੰਡੀਆਂ ਵਿਚ 10 ਦਿਨ ਬਾਅਦ ਸਰਕਾਰੀ ਖ੍ਰੀਦ

ਲਈ ਆਉਂਦਾ ਹੈ। ਮੰਡੀਆਂ ਵਿਚ ਅਜੇ ਖ੍ਰੀਦ ਪ੍ਰਬੰਧ ਵੀ ਪੂਰੇ ਨਹੀ ਕੀਤੇ। ਪੰਜਾਬ ਤੇ ਦੇਸ਼ ਦੇ ਕਿਸਾਨਾਂ ਵਿਚ ਪਾਟਕ ਪਾਉਣ ਦੀ ਭਾਜਪਾ ਦੀ ਨੀਤੀ ਕਾਮਯਾਬ ਨਹੀ ਹੋਵੇਗੀ। ਖੇਤੀ ਬਿੱਲਾਂ ਦੇ ਹੱਕ ਵਿਚ ਮੋਦੀ ਸਰਕਾਰ ਕੂੜ ਪ੍ਰਚਾਰ ਕਿਸਾਨਾਂ ਮਜ਼ਦੂਰਾਂ ਦੇ ਗੁੱਸੇ ਨੂੰ ਸ਼ਾਂਤ ਨਹੀ ਕਰ ਸਕੇਗਾ। ਦੇਸ਼ ਦੇ ਕਿਸਾਨਾਂ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਜਿੱਤ ਹੋਵੇਗੀ। ਕਾਰਪੋਰੇਟ ਜਗਤ ਭਾਰਤੀ ਕਿਸਾਨਾਂ ਹੱਥੋ ਹਾਰੇਗਾ। ਬੀਬੀਆਂ ਨੇ ਘਰ ਦੇ ਕੰਮ ਵਾਂਗ ਹੀ ਕਿਸਾਨੀ ਸੰਘਰਸ਼ ਨੂੰ ਵੀ ਆਪਣਾ ਕੰਮ ਸਮਝ ਕੇ ਇਸ ਨੂੰ ਸਫਲ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਡਾ. ਟਵਿੰਕਲ ਸਿੰਘ, ਬੀਬੀ ਵੀਰ ਕੌਰ ਚੱਬਾ, ਚਰਨਜੀਤ ਕੌਰ ਵਰਪਾਲ, ਗੁਰਮੀਤ ਕੌਰ ਸੂਰਵਿੰਡ, ਪਰਮਜੀਤ ਕੌਰ ਬੈਂਕਾ, ਰਣਜੀਤ ਕੌਰ ਕੱਲਾ, ਕੁਲਵਿੰਦਰ ਕੌਰ ਵਲੀਪੁਰ, ਵੀਰ ਕੌਰ, ਕੁਲਦੀਪ ਕੌਰ ਜੋਧਾਨਗਰੀ, ਬਲਵਿੰਦਰ ਕੌਰ ਡਾਲਾ, ਕੁਲਵਿੰਦਰ ਕੌਰ, ਸਵਿੰਦਰ ਕੌਰ ਕੱਕੜ, ਕੁਲਦੀਪ ਕੌਰ, ਜਸਬੀਰ ਕੌਰ ਕੋਟਲਾ, ਹਰਭਜਨ ਕੌਰ, ਰਜਵੰਤ ਕੌਰ ਰੂਪੋਵਾਲੀ, ਜਸਬੀਰ ਕੌਰ ਕਲੇਰਬਾਲਾ, ਕੁਲਵਿੰਦਰ ਕੌਰ ਮੱਤੇਵਾਲ ਆਦਿ ਵੀ ਹਾਜ਼ਰ ਸਨ।

Posted By: Jagjit Singh