ਜਸਪਾਲ ਸਿੰਘ ਜੱਸੀ, ਤਰਨਤਾਰਨ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ 'ਚ ਸ਼ੁਰੂ ਕੀਤੇ ਗਏ ਸੂਬਾ ਪੱਧਰੀ ਮੋਰਚੇ ਦੇ ਤੀਸਰੇ ਦਿਨ ਤੈਅ ਕੀਤੇ ਪ੍ਰਰੋਗਰਾਮ ਨੂੰ ਪੂਰਾ ਕਰਨ ਲਈ ਕਿਸਾਨ-ਮਜ਼ਦੂਰ ਰੇਲ ਮਾਰਗਾਂ ਵੱਲ ਵਧੇ। ਜਿਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਕਈ ਥਾਵਾਂ 'ਤੇ ਰੋਕਾਂ ਲਾਈਆਂ ਪਰ ਇਸਦੇ ਬਾਵਜੂਦ ਕਿਸਾਨ ਅਤੇ ਮਜ਼ਦੂਰ ਰੇਲ ਮਾਰਗਾਂ ਤਕ ਪਹੁੰਚਣ 'ਚ ਸਫਲ ਰਹੇ। ਕਾਂਗਰਸ ਸਰਕਾਰ 'ਤੇ ਮੰਗਾਂ ਦਾ ਹੱਲ ਨਾ ਕਰਨ ਦਾ ਦੋਸ਼ ਲਾਉਂਦਿਆਂ ਵੱਡੀ ਗਿਣਤੀ ਕਿਸਾਨਾਂ ਤੇ ਮਜ਼ਦੂਰਾਂ ਨੇ ਅੰਮਿ੍ਤਸਰ-ਖੇਮਕਰਨ ਰੇਲ ਮਾਰਗ ਨੂੰ ਤਰਨਤਾਰਨ ਦੇ ਪਿੰਡ ਗੋਹਲਵੜ ਕੋਲ ਜਾਮ ਕਰ ਦਿੱਤਾ।

ਰੇਲ ਮਾਰਗ 'ਤੇ ਡੱਟੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ ਪੰਡੋਰੀ, ਹਰਪ੍ਰਰੀਤ ਸਿੰਘ ਸਿੱਧਵਾਂ, ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਮੋਦੀ ਤੇ ਕੈਪਟਨ ਸਰਕਾਰ ਵਿਸ਼ਵ ਵਪਾਰ ਸੰਸਥਾ, ਵਿਸ਼ਵ ਬੈਂਕ ਦੀਆਂ ਦਿਸ਼ਾ ਨਿਰਦੇਸ਼ਿਤ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਖੇਤੀ ਨੀਤੀ ਸਰਮਾਏਦਾਰ ਪੱਖੀ ਹੋਣ ਕਾਰਨ ਅੱਜ ਕਿਸਾਨ-ਮਜ਼ਦੂਰ ਕਰਜ਼ੇ ਦੇ ਮੱਕੜ ਜਾਲ 'ਚ ਫਸਿਆ ਹੈ। ਹਰ ਰੋਜ਼ ਭਾਰਤ ਦੇਸ਼ 'ਚ 45 ਕਿਸਾਨ ਖੁਦਕੁਸ਼ੀ ਕਰਦੇ ਹਨ, ਜਦੋਂਕਿ ਪੰਜਾਬ 'ਚ 'ਚ ਹਰ ਦਿਨ 5 ਕਿਸਾਨਾਂ ਨੂੰ ਖੁਦਕੁਸ਼ੀ ਦਾ ਰਾਹ ਫੜਨਾ ਪੈਂਦਾ ਹੈ। ਹਾਕਮ ਵੋਟਾਂ ਬਟੋਰਨ ਲਈ ਕਰਜ਼ੇ ਮਾਫ਼ੀ ਦਾ ਲਾਰਾ ਲਾਉਂਦੇ ਹਨ ਪਰ ਸਰਕਾਰ ਬਣਨ ਤੋਂ ਬਾਅਦ ਇਹ ਵਾਅਦੇ ਕਦੇ ਵਫਾ ਨਹੀਂ ਹੋਏ। ਕਿਸਾਨਾਂ ਦੀਆਂ ਫਸਲਾਂ ਦੇ ਭਾਅ 1970 ਤੋਂ 2017 ਤਕ ਨਿਗੂਣਾ ਵਾਧਾ ਕੀਤਾ ਗਿਆ ਹੈ। ਜਦੋਂਕਿ ਖਾਦ, ਕੀਟਨਾਸ਼ਕ ਜ਼ਹਿਰਾਂ, ਡੀਜ਼ਲ, ਖੇਤੀ ਮਸ਼ੀਨਰੀ, ਮਜ਼ਦੂਰੀ ਦਾ ਖਰਚਾ 130 ਗੁਣਾ ਵਧਿਆ ਹੈ। ਡਾ. ਸੁਆਮੀਨਾਥਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਣ ਦੀ ਮੰਗ ਪੂਰੀ ਤਾਂ ਕੀ ਕਰਨੀ ਸੀ ਸਗੋਂ ਖੇਤੀ ਮੰਡੀ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਾਅਦੇ ਅਨੁਸਾਰ ਸਮੁੱਚਾ ਕਰਜ਼ਾ ਖਤਮ ਕਰੇ, ਕੁਰਕੀਆਂ, ਗਿ੍ਫ਼ਤਾਰੀਆਂ ਬੰਦ ਕੀਤੀਆਂ ਜਾਣ, ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਲਿਆਂਦਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਤੋਂ ਤਾਂ ਪਹਿਲਾਂ ਹੀ ਭੱਜ ਚੁੱਕੀ ਹੈ। ਫਸਲਾਂ ਦੇ ਭਾਅ ਵੀ ਲਾਹੇਵੰਦ ਨਹੀਂ ਦਿੱਤੇ ਜਾ ਰਹੇ। ਇਸ ਮੌਕੇ ਲਖਵਿੰਦਰ ਸਿੰਘ ਵਰਿਆਮਨੰਗਲ, ਜਰਮਨਜੀਤ ਸਿੰਘ ਬੰਡਾਲਾ, ਸਲਵਿੰਦਰ ਸਿੰਘ ਜੀਓਬਾਲਾ, ਸਤਨਾਮ ਸਿੰਘ ਮਾਣੋਚਾਹਲ, ਰਣਬੀਰ ਸਿੰਘ ਡੁੱਗਰੀ, ਗੁਰਪ੍ਰਰੀਤ ਸਿੰਘ ਗੋਪੀ ਖਾਨਪੁਰ, ਸਲਵਿੰਦਰ ਸਿੰਘ ਜਾਣੀਆ, ਗੁਰਮੇਲ ਸਿੰਘ ਰੇੜਵਾਂ, ਸਰਵਣ ਸਿੰਘ ਬਾਉਪੁਰ, ਜਸਵੰਤ ਸਿੰਘ ਅੰਮਿ੍ਤਪੁਰ, ਕਸ਼ਮੀਰ ਸਿੰਘ ਫੱਤਾਕੁੱਲਾ, ਕੁਲਦੀਪ ਸਿੰਘ ਟਾਹਲੀ ਤੇ ਹੋਰ ਹਾਜ਼ਰ ਸਨ।

ਬਾਕਸ : ਪਿੰਡ ਜੋੜਾ ਤੇ ਪਲਾਸੌਰ 'ਚ ਰੋਕੇ ਵੱਡੀ ਗਿਣਤੀ 'ਚ ਕਿਸਾਨ, ਮਜ਼ਦੂਰ

ਕਿਸਾਨਾਂ ਨੂੰ ਰੇਲ ਮਾਰਗ ਤਕ ਜਾਣ ਤੋਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਥਾਂ-ਥਾਂ 'ਤੇ ਰੋਕਾਂ ਲਾਈਆਂ ਗਈਆਂ। ਵੱਡੀ ਗਿਣਤੀ 'ਚ ਕਿਸਾਨਾਂ ਨੂੰ ਤਰਨਤਾਰਨ-ਪੱਟੀ ਮਾਰਗ ਦੇ ਪਿੰਡ ਜੋੜਾ ਵਿਖੇ ਡੀਐੱਸਪੀ ਕੰਵਲਜੀਤ ਸਿੰਘ ਮੰਡ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਰੋਕਿਆ। ਜਦੋਂਕਿ ਤਰਨਤਾਰਨ-ਦਿਆਲਪੁਰਾ ਮਾਰਗ 'ਤੇ ਪੈਂਦੇ ਪਿੰਡ ਪਲਾਸੌਰ ਵਿਖੇ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ ਨੂੰ ਰੇਲ ਮਾਰਗ ਵੱਲ ਜਾਣ ਤੋਂ ਰੋਕਿਆ ਗਿਆ। ਇਸੇ ਤਰ੍ਹਾਂ ਹੀ ਵੱਖ-ਵੱਖ ਚੌਕ ਚੁਰਾਹਿਆਂ 'ਚ ਵੱਡੀ ਗਿਣਤੀ ਪੁਲਿਸ ਬਲ ਤਾਇਨਾਤ ਰਿਹਾ। ਹਾਲਾਂਕਿ ਇਸਦੇ ਬਾਵਜੂਦ ਕਈ ਕਿਸਾਨ ਰੇਲ ਮਾਰਗ ਤਕ ਪਹੁੰਚਣ ਵਿਚ ਸਫਲ ਰਹੇ।