ਪੰਜਾਬੀ ਜਾਗਰਣ ਟੀਮ, ਤਰਨਤਾਰਨ/ਪੱਟੀ : ਪਿੰਡ ਜਵੰਦਾ ਵਿਖੇ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਬੁੱਧਵਾਰ ਨੂੰ ਮਿ੍ਤਕ ਦੇ ਪਰਿਵਾਰ ਦੇ ਪੱਖ 'ਚ ਉੱਤਰੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਨੇ ਕੌਮੀ ਸ਼ਾਹ ਮਾਰਗ ਨੂੰ ਘੰਟਿਆਬੱਧੀ ਜਾਮ ਕਰੀ ਰੱਖਿਆ। ਉਹ ਪਾਵਰਕਾਮ ਦੇ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰ ਰਹੇ ਸਨ। ਮੌਕੇ 'ਤੇ ਪੁੱਜੇ ਅਧਿਕਾਰੀਆਂ ਵੱਲੋਂ ਕਾਰਵਾਈ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਪਰਿਵਾਰ ਨੇ ਧਰਨਾ ਚੁੱਕਿਆ ਅਤੇ ਲਾਸ਼ ਦਾ ਸਸਕਾਰ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਹਰਜਿੰਦਰ ਸਰਪੰਚ ਪੱਖੋਕੇ ਨੇ ਦੱਸਿਆ ਕਿ ਉਨ੍ਹਾਂ ਦਾ ਮਮੇਰਾ ਭਰਾ ਬਲਜੀਤ ਸਿੰਘ (50) ਪੁੱਤਰ ਹਰਭਜਨ ਸਿੰਘ ਪਿੰਡ ਜੰਡੋਕੇ ਵਿਖੇ ਢਾਬਾ ਚਲਾਉਂਦਾ ਹੈ। 5 ਨਵੰਬਰ ਨੂੰ ਪਾਵਰਕਾਮ ਦੇ ਕਰਮਚਾਰੀਆਂ ਨੇ ਉਸਦੇ ਘਰ ਦੀ ਬਿਜਲੀ ਡਿਫਾਲਟਰ ਰਕਮ ਖੜ੍ਹੀ ਹੋਣ ਦਾ ਕਹਿ ਕੇ ਕੱਟ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਬਲਜੀਤ ਸਿੰਘ ਦੀ ਕੋਈ ਡਿਫਾਲਟਰ ਰਕਮ ਨਹੀਂ ਸੀ ਅਤੇ ਉਨ੍ਹਾਂ ਨੇ ਬਿੱਲ ਭਰਿਆ ਹੋਇਆ ਸੀ। ਸ਼ਾਮ ਨੂੰ ਬਲਜੀਤ ਸਿੰਘ ਪਾਵਰਕਾਮ ਵੱਲੋਂ ਕੱਟੇ ਗਏ ਜੈਂਪਰ ਜੋੜਨ ਲੱਗਾ ਤਾਂ ਉਸ ਨੂੰ ਟਰਾਂਸਫਾਰਮਰ ਤੋਂ ਕਰੰਟ ਦਾ ਭਾਰੀ ਝਟਕਾ ਲੱਗਾ। ਗੰਭੀਰ ਹਾਲਤ 'ਚ ਉਸ ਨੂੰ ਅੰਮਿ੍ਤਸਰ ਦੇ ਗੁਰੂ ਰਾਮਦਾਸ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿੱਥੇ 12 ਨਵੰਬਰ ਦੀ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਬਲਜੀਤ ਸਿੰਘ ਦੀ ਮੌਤ ਦੇ ਜ਼ਿੰਮੇਵਾਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਇਹ ਧਰਨਾ ਲਾਇਆ ਗਿਆ ਹੈ। ਇਸ ਦੌਰਾਨ ਪੁੱਜੇ ਐੱਸਪੀ ਸਥਾਨਕ ਗੌਰਵ ਤੂਰਾ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ। ਜਦੋਂਕਿ ਐੱਸਪੀ ਤੂਰਾ, ਡੀਐੱਸਪੀ ਪੱਟੀ ਕੇਪੀ ਸਿੰਘ ਮੰਡ ਅਤੇ ਹੋਰ ਅਧਿਕਾਰੀ ਪਿੰਡ ਜੰਡੋਕੇ ਜਾਂਚ ਲਈ ਗਏ। ਜਦੋਂਕਿ ਇਸ ਮੌਕੇ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੀ ਪੁੱਜੇ। ਹਰਜਿੰਦਰ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਬਲਜੀਤ ਸਿੰਘ ਦੀ ਦੇਹ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਸਰਵਨ ਸਿੰਘ ਸਰਪੰਚ ਸੰਘਾ, ਕੰਵਰਪਾਲ ਸਿੰਘ ਬਲਾਕ ਸੰਮਤੀ ਮੈਂਬਰ ਪੱਖੋਕੇ, ਕਾਮਰੇਡ ਬੁੱਧ ਸਿੰਘ, ਬਲਵੰਤ ਸਿੰਘ ਮੈਂਬਰ, ਸੁਖਦੇਵ ਸਿੰਘ, ਦਰਸ਼ਨ ਸਿੰਘ ਫੌਜੀ, ਦਵਿੰਦਰ ਸਿੰਘ, ਨਰੰਜਣ ਸਿੰਘ, ਭਾਗ ਸਿੰਘ ਸਰਪੰਚ ਜੰਡੋਕੇ ਸਮੇਤ ਸੈਂਕੜੇ ਇਲਾਕਾ ਵਾਸੀ ਤੇ ਹੋਰ ਹਾਜ਼ਰ ਸਨ।