-ਕਈ ਸੰਸਥਾਵਾਂ ਨੇ ਮੌਕੇ 'ਤੇ ਭੁਗਤਾਨ ਕਰ ਕੇ ਛੁਡਾਈ ਜਾਨ

ਜੇਐੱਨਐੱਨ, ਅੰਮਿ੍ਰਤਸਰ : ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਵਿਭਾਗ ਦੀ ਟੀਮ ਨੇ ਮੇਅਰ ਤੇ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਪੂਰਵੀ ਜ਼ੋਨ 'ਚ ਟੈਕਸ ਡਿਫਾਲਟਰਾਂ 'ਤੇ ਕਾਰਵਾਈ ਕੀਤੀ। ਸੁਪਰੀਟੈਂਡੈਂਟ ਧਰਮਿੰਦਰ ਸਿੰਘ ਦੀ ਅਗਵਾਈ 'ਚ ਟੀਮ ਨੇ ਟੈਕਸ ਡਿਫਾਲਟਰਾਂ ਦੇ 6 ਸੰਸਥਾਵਾਂ ਨੂੰ ਜਿੰਦਰਾ ਲਾ ਦਿੱਤਾ, ਜਦਕਿ ਚਾਰ ਸੰਸਥਾਵਾਂ ਨੇ ਮੌਕੇ 'ਤੇ ਭੁਗਤਾਨ ਕਰਕੇ ਸੀਲਿੰਗ ਦੀ ਕਾਰਵਾਈ ਤੋਂ ਜਾਨ ਛੁਡਾਈ। ਵਿਭਾਗੀ ਟੀਮ ਨੇ ਸਭ ਤੋਂ ਪਹਿਲਾਂ ਚਮਰੰਗ ਰੋਡ 'ਤੇ ਭਾਂਡਿਆਂ ਦੇ ਸ਼ੋਅਰੂਮ 'ਚ ਦਸਤਕ ਦਿੱਤੀ। ਟੀਮ ਦੀ ਸ਼ੋਅਰੂਮ ਪ੍ਰਬੰਧਕਾਂ ਨਾਲ ਬਹਿਸ ਹੋਈ ਤੇ ਸਿਆਸੀ ਦਬਾਅ ਵੀ ਪਾਇਆ ਗਿਆ ਪਰ ਮੌਕੇ 'ਤੇ ਚੈੱਕ ਦਿੱਤੇ ਜਾਣ ਤੋਂ ਬਾਅਦ ਹੀ ਵਿਭਾਗੀ ਟੀਮ ਨੇ ਉਨ੍ਹਾਂ ਨੂੰ ਰਾਹਤ ਦਿੱਤੀ। ਇਸ ਤੋਂ ਬਾਅਦ ਟੀਮ ਨੇ ਸੁਲਤਾਨਵਿੰਡ ਰੋਡ ਸਥਿਤ ਸਵਾਈਸ ਰੈਸਟੋਰੈਂਟ, ਪੂਲ ਸਨੂਕਰ ਤੇ ਹੈਲਥ ਕੇਅਰ ਸੈਂਟਰ ਨੂੰ ਸੀਲ ਕੀਤਾ। ਜੌੜਾ ਫਾਟਕ ਕੋਲ ਟੀਮ ਨੇ ਬਿਲਡਿੰਗ ਮਟੀਰੀਅਲ ਦੀ ਦੁਕਾਨ ਨੂੰ ਸੀਲ ਕੀਤਾ, ਜਦਕਿ ਕਬਾੜ ਦੀ ਦੁਕਾਨ ਵਾਲੇ ਵੱਲੋਂ ਦਸਤਾਵੇਜ਼ ਜਲਦ ਮੁਹੱਈਆ ਕਰਵਾਉਣ ਦਾ ਭਰੋਸਾ ਦੇਣ 'ਤੇ ਅੱਜ ਸੀਲਿੰਗ ਤੋਂ ਰਾਹਤ ਦਿੱਤੀ ਗਈ। ਇਸੇ ਰੋਡ 'ਤੇ ਸੇਲੋ ਹੋਟਲ ਪ੍ਰਬੰਧਕਾਂ ਨੇ ਵੀ ਮੌਕੇ 'ਤੇ ਹੀ ਟੈਕਸ ਦੇ ਚੈੱਕ ਦਿੱਤੇ। ਸ਼ਿਵਾਲਾ ਫਾਟਕ ਕੋਲ 2 ਸੰਸਥਾਵਾਂ ਨੂੰ ਸੀਲ ਕੀਤਾ ਗਿਆ। ਸੀਲਿੰਗ ਟੀਮ 'ਚ ਇੰਸਪੈਕਟਰ ਰਾਮਮੂਰਤੀ, ਜਤਿੰਦਰ ਸ਼ਰਮਾ, ਏਐੱਸਆਈ ਪਲਵਿੰਦਰ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਵਿਭਾਗੀ ਟੀਮ ਦੇ ਮੈਂਬਰ ਮੌਜੂਦ ਸਨ।

ਫੋਟੋ 22 ਹਿੰਦੀ