ਰਮੇਸ਼ ਰਾਮਪੁਰਾ, ਅੰਮਿ੍ਰਤਸਰ : 5 ਵਰ੍ਹੇ ਪਹਿਲਾਂ ਸੜਕ ਹਾਦਸੇ 'ਚ ਪਤਨੀ ਨਾਲ ਜਹਾਨੋਂ ਰੁਕਸਤ ਹੋਣ ਵਾਲੇ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸਮਿ੍ਰਤੀ ਸਮਾਗਮ ਕਰਵਾਇਆ ਗਿਆ। ਜਨਵਾਦੀ ਲੇਖਕ ਸੰਘ ਦੀ ਪਹਿਲ ਕਦਮੀ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਚ ਇਸ ਸਬੰਧੀ ਹੋਏ ਸਮਾਗਮ 'ਚ ਹਾਜ਼ਰ ਸਾਹਿਤਕਾਰਾਂ ਨੇ ਮਰਹੂਮ ਤਲਵਿੰਦਰ ਸਿੰਘ ਨੂੰ ਚੇਤੇ ਕਰਦਿਆਂ ਅਕੀਦਤ ਦੇ ਫੁੱਲ ਭੇਟ ਕੀਤੇ। ਸੰਖੇਪ ਪਰ ਅਰਥ ਭਰਪੂਰ ਇਸ ਸਮਾਗਮ ਦਾ ਅਰੰਭ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਤਲਵਿੰਦਰ ਸਿੰਘ ਆਪਣੀਆਂ ਕਹਾਣੀਆਂ ਰਾਹੀਂ ਮਨੁੱਖੀ ਰਿਸ਼ਤਿਆਂ ਵਿਚਲੀਆਂ ਮੋਹ ਦੀਆਂ ਤੰਦਾਂ ਨੂੰ ਬਰੀਕੀ ਨਾਲ ਫੜਦਾ ਸੀ। ਸ਼ਾਇਰ ਦੇਵ ਦਰਦ ਨੇ ਆਪਣੀ ਗਜ਼ਲ 'ਜੋਬਨ ਰੁੱਤੇ ਯਾਰ ਤੁਰੇ ਤਾਂ ਰੋਵਾਂ ਨਾ' ਦੇ ਹਵਾਲੇ ਨਾਲ ਆਪਣੀ ਤਲਵਿੰਦਰ ਸਿੰਘ ਨੂੰ ਯਾਦ ਕੀਤਾ। ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਵਧੀਆ ਸਾਹਿਤਕਾਰ ਹੋਣ ਕਰਕੇ ਤਲਵਿੰਦਰ ਸਿੰਘ ਕਦੇ ਵੀ ਲੋਕ ਚੇਤਿਆਂ ਵਿਚੋਂ ਮਨਫੀ ਨਹੀਂ ਹੋਵੇਗਾ। ਡਾ. ਹੀਰਾ ਸਿੰਘ ਨੇ ਤਲਵਿੰਦਰ ਦੀਆਂ ਕਹਾਣੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਕੋਲ ਕਹਾਣੀ ਕਹਿਣ ਦੀ ਕਮਾਲ ਦੀ ਜੁਗਤ ਸੀ। ਅਰਤਿੰਦਰ ਸੰਧੂ ਅਤੇ ਹਰਭਜਨ ਖੇਮਕਰਨੀ ਨੇ ਕਿਹਾ ਕਿ ਤਲਵਿੰਦਰ ਦੀ ਲੇਖਣੀ ਹਮੇਸ਼ਾ ਥੁੜਿ੍ਹਆਂ ਟੁੱਟਿਆਂ ਦੇ ਹੱਕ ਵਿਚ ਭੁਗਤਦੀ ਸੀ। ਮਨਮੋਹਨ ਸਿੰਘ ਿਢੱਲੋਂ ਅਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਕਥਾ ਯੁਕਤਾਂ ਰਾਹੀਂ ਅੌਰਤ ਮਰਦ ਦੇ ਸਬੰਧਾਂ ਦਾ ਚਿਤਰਣ ਬਾਖੂਬੀ ਕਰਦੇ ਸਨ। ਰਾਜ ਖੁਸ਼ਵੰਤ ਸਿੰਘ ਸੰਧੂ ਅਤੇ ਸਫਰ ਸ਼ੁਕਲਾ ਨੇ ਵੀ ਤਲਵਿੰਦਰ ਦੀਆਂ ਭਾਵਪੂਰਨ ਯਾਦਾਂ ਸਾਂਝੀਆਂ ਕੀਤੀਆਂ। ਸੁਮੀਤ ਸਿੰਘ ਅਤੇ ਡਾ. ਕਸ਼ਮੀਰ ਸਿੰਘ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮ ਨਿਰੰਤਰ ਰਚਾਏ ਜਾਣ ਦੀ ਹਾਮੀ ਭਰੀ।