ਪੱਤਰ ਪੇ੍ਰਰਕ, ਅੰਮਿ੍ਤਸਰ : ਸਾਬਕਾ ਮੰਤਰੀ ਤੇ ਸ੍ਰੀ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਪੋ੍. ਲਕਸ਼ਮੀ ਕਾਂਤਾ ਚਾਵਲਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਸਾਲ 2016 ਵਿਚ ਬਿ੍ਗੇਡੀਅਰ ਗਗਨੇਜਾ ਦੀ ਜਲੰਧਰ ਵਿਚ ਹੋਈ ਹੱਤਿਆ ਦੀ ਯਾਦ ਦਿਵਾਈ ਹੈ। ਪੱਤਰ ਵਿਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਡੀਜੀਪੀ ਨੂੰ ਧਿਆਨ ਵਿਚ ਹੋਵੇਗਾ ਕਿ 2016 ਵਿਚ ਜਲੰਧਰ 'ਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਪ੍ਰਾਂਤ ਸਹਿ ਸੰਚਾਲਕ ਬਿ੍ਗੇਡੀਅਰ ਗਗਨੇਜਾ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 2016 ਤੋਂ 2022 ਛੇ ਸਾਲ ਦਾ ਲੰਬਾ ਸਮਾਂ ਬੀਤ ਗਿਆ ਪਰ ਅੱਜ ਤਕ ਕਾਤਲਾਂ ਦਾ ਕੋਈ ਸੁਰਾਗ ਸਰਕਾਰ ਨਹੀਂ ਲਗਾ ਸਕੀ। ਪਹਿਲਾਂ ਭਾਜਪਾ, ਅਕਾਲੀ ਸਰਕਾਰ, ਫਿਰ ਕਾਂਗਰਸ ਤੇ ਹੁਣ ਭਗਵੰਤ ਮਾਨ ਦੀ ਸਰਕਾਰ। ਕਿਸੇ ਵੀ ਸਰਕਾਰ ਨੇ ਗਗਨੇਜਾ ਦੇ ਕਾਤਲਾਂ ਨੂੰ ਫੜਨ ਦਾ ਕੰਮ ਨਹੀਂ ਕੀਤਾ ਤੇ ਨਾ ਧਿਆਨ ਦਿੱਤਾ ਹੈ।

ਉਨ੍ਹਾਂ ਲਿਖਿਆ ਕਿ ਮੌਜੂਦਾ ਸਰਕਾਰ ਤੋਂ ਉਨ੍ਹਾਂ ਦੀ ਮੰਗ ਹੈ ਕਿ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਫੜਨ ਲਈ ਪੁਲਿਸ ਲੱਗੀ ਹੋਈ ਹੈ, ਉਸੇ ਤਰ੍ਹਾਂ ਗਗਨੇਜਾ ਦੇ ਕਾਤਲਾਂ ਨੂੰ ਵੀ ਫੜਿਆ ਜਾਵੇ। ਉਨ੍ਹਾਂ ਸਰਕਾਰ ਤੇ ਡੀਜੀਪੀ ਤੋਂ ਮੰਗ ਕੀਤੀ ਕਿ ਗਗਨੇਜਾ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜ ਕੇ ਕਾਨੂੰਨ ਹਵਾਲੇ ਕੀਤਾ ਜਾਵੇ। ਕੀ ਸਰਕਾਰ ਇਹ ਸਮਝਦੀ ਹੈ ਕਿ ਇਕ ਸੀਨੀਅਰ ਨੇਤਾ ਅਤੇ ਬਿ੍ਗੇਡੀਅਰ ਦਾ ਜੀਵਨ ਮਹੱਤਵਪੂਰਨ ਨਹੀਂ ਸੀ ਅਤੇ ਉਨ੍ਹਾਂ ਦੇ ਕਾਤਲ ਖੁੱਲ੍ਹੇ ਛੱਡ ਦਿੱਤੇ ਜਾਣ। ਇਸ ਵਿਚ ਕਿਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜਵਾਬ ਤਾਂ 2016 ਤੋਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਹਨ, ਉਨ੍ਹਾਂ ਨੂੰ ਦੇਣਾ ਹੋਵੇਗਾ ਪਰ ਹੁਣ ਡਿਊਟੀ ਮੌਜੂਦਾ ਸਰਕਾਰ ਦੀ ਹੈ ਕਿ ਉਹ ਕਾਤਲਾਂ ਨੂੰ ਸਮਾਜ ਦੇ ਸਾਹਮਣੇ ਲਿਆਵੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਵੇ।