ਜੇਐੱਨਐੱਨ, ਅੰਮਿ੍ਰਤਸਰ : ਸਰਦੀ ਦੀ ਦਸਤਕ ਦੇ ਨਾਲ ਹੀ ਡੇਂਗੂ ਫੈਲਾਉਣ ਵਾਲੇ ਮੱਛਰਾਂ ਦਾ ਸਫਾਇਆ ਹੋਣ ਲੱਗਾ ਹੈ। ਹਾਲਾਂਕਿ ਅਜੇ ਵੀ ਸ਼ਹਿਰ ਦੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਤੋਂ ਪੀੜਤ ਮਰੀਜ਼ ਪਹੁੰਚ ਰਹੇ ਹਨ। ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਦਾ ਸ਼ਹਿਰ ਦੇ ਕੁੱਝ ਨਿੱਜੀ ਹਸਪਤਾਲ ਪ੍ਰਬੰਧਕ ਪਾਲਣਾ ਨਹੀਂ ਕਰ ਰਹੇ। ਨਿੱਜੀ ਹਸਪਤਾਲਾਂ ਪਾਸੋਂ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਜੋ ਗਿਣਤੀ ਸਿਹਤ ਵਿਭਾਗ ਨੂੰ ਉਪਲੱਬਧ ਕਰਵਾਈ ਜਾ ਰਿਹਾ ਹੈ, ਉਹ ਅਧੂਰੀ ਹੈ।

ਦਰਅਸਲ, ਸਿਹਤ ਵਿਭਾਗ ਨੇ ਨਿੱਜੀ ਹਸਪਤਾਲਾਂ ਨੂੰ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਜਾਣਕਾਰੀ ਇਕ ਪ੍ਰੋਫਾਰਮੇ ਵਿਚ ਭਰ ਕੇ ਭੇਜਣ ਦੀ ਹਦਾਇਤ ਕੀਤੀ ਸੀ। ਪ੍ਰੋਫਾਰਮਾ ਵਿਚ ਮਰੀਜ਼ ਦਾ ਨਾਂ, ਪੂਰਾ ਪਤਾ, ਮੋਬਾਈਲ ਨੰਬਰ, ਟੈਸਟ ਰਿਪੋਰਟਸ ਦਾ ਬਿਓਰਾ ਆਦਿ ਦਰਜ ਕਰਨ ਲਈ ਬਕਾਇਦਾ ਕਾਲਮ ਵੀ ਬਣਾਏ ਗਏ ਹਨ। ਮੰਗਲਵਾਰ ਨੂੰ ਸਿਹਤ ਵਿਭਾਗ ਕੋਲ ਕੁਝ ਨਿੱਜੀ ਹਸਪਤਾਲਾਂ ਦੇ ਪ੍ਰੋਫਾਰਮੇ ਪੁੱਜੇ, ਜਿਨ੍ਹਾਂ 'ਚ ਸਿਰਫ਼ ਮਰੀਜ਼ ਦਾ ਨਾਂ ਅਤੇ ਅਧੂਰਾ ਪਤਾ ਲਿਖਿਆ ਸੀ। ਉਦਾਹਰਣ ਵਜੋਂ ਮਰੀਜ਼ ਦਾ ਨਾਂ ਸਰਬਜੀਤ ਸਿੰਘ ਅਤੇ ਪਤਾ ਅਜਨਾਲਾ ਲਿਖ ਦਿੱਤਾ ਗਿਆ। ਇਸ ਅਧੂਰੀ ਜਾਣਕਾਰੀ ਨਾਲ ਸਿਹਤ ਵਿਭਾਗ ਦੀ ਪਰੇਸ਼ਾਨੀ ਵੱਧ ਰਹੀ ਹੈ।

ਡੇਂਗੂ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ 'ਤੇ ਸਿਹਤ ਵਿਭਾਗ ਵੱਲੋਂ ਮਰੀਜ਼ ਦੇ ਘਰ ਅਤੇ ਮੁਹੱਲੇ ਵਿਚ ਸਰਵੇ ਕੀਤਾ ਜਾਂਦਾ ਹੈ। ਨਿੱਜੀ ਹਸਪਤਾਲਾਂ ਦੀ ਲਾਪ੍ਰਵਾਹੀ ਕਾਰਨ ਸਿਹਤ ਵਿਭਾਗ ਮਰੀਜ਼ਾਂ ਤਕ ਨਹੀਂ ਪਹੁੰਚ ਪਾ ਰਿਹਾ। ਕੁਝ ਨਿੱਜੀ ਹਸਪਤਾਲਾਂ ਨੇ ਤਾਂ ਫੇਕ ਨਾਂ ਅਤੇ ਮੋਬਾਈਲ ਨੰਬਰ ਤਕ ਦਰਜ ਕੀਤੇ ਹਨ। ਹਾਲ ਹੀ ਵਿਚ ਇਕ ਸਿਹਤ ਕਰਮੀ ਨੇ ਨਿੱਜੀ ਹਸਪਤਾਲ ਵੱਲੋਂ ਭੇਜੇ ਗਏ ਪ੍ਰੋਫਾਰਮੇ 'ਤੇ ਦਰਜ ਨੰਬਰ 'ਤੇ ਫੋਨ ਕਰ ਪੁੱਿਛਆ, 'ਤੁਸੀਂ ਡੇਂਗੂ ਪਾਜ਼ੇਟਿਵ ਹੋ? ਕਿਸ ਇਲਾਕੇ ਵਿਚ ਰਹਿੰਦੇ ਹੋ?' ਇਹ ਸੁਣਕੇ ਦੂਜੇ ਪਾਸੋਂ ਭੱਦੇ ਸ਼ਬਦ ਵਰਤੇ ਗਏ।

ਬਾਕਸ . .

ਕੁਝ ਨਿੱਜੀ ਹਸਪਤਾਲਾਂ ਨੇ ਨਹੀਂ ਕੀਤਾ ਸਹਿਯੋਗ : ਡਾ. ਮੋਹਨ

ਜ਼ਿਲ੍ਹਾ ਮਲੇਰੀਆ ਅਧਿਕਾਰੀ ਡਾ. ਮੋਹਨ ਦਾ ਕਹਿਣਾ ਹੈ ਕਿ ਕੁਝ ਨਿੱਜੀ ਹਸਪਤਾਲ ਅਧੂਰੀ ਜਾਣਕਾਰੀ ਦੇ ਕੇ ਵਿਭਾਗ ਦੀ ਸਮੱਸਿਆ ਵਧਾ ਰਹੇ ਹਨ। ਉਹ ਡੇਂਗੂ ਮਰੀਜ਼ ਦੇ ਘਰ ਜਾ ਕੇ ਪਰਿਵਾਰ ਦੇ ਮੈਂਬਰਾਂ ਦਾ ਸੈਂਪਲ ਲੈਣਾ ਚਾਹੁੰਦੇ ਹਨ। ਜੇਕਰ ਨਿੱਜੀ ਹਸਪਤਾਲਾਂ ਦੀ ਲਾਪ੍ਰਵਾਹੀ ਜਾਰੀ ਰਹੀ ਤਾਂ ਵਿਭਾਗ ਕਾਰਵਾਈ ਕਰੇਗਾ।

ਬਾਕਸ . .

800 ਲੋਕ ਡੇਂਗੂ ਦੇ ਸ਼ਿਕਾਰ

ਇਸ ਸੀਜ਼ਨ ਵਿਚ ਡੇਂਗੂ ਮੱਛਰ ਨੇ 800 ਤੋਂ ਜ਼ਿਆਦਾ ਲੋਕਾਂ ਨੂੰ ਰੋਗੀ ਬਣਾਇਆ ਹੈ। ਡੇਂਗੂ ਦਾ ਸਭ ਤੋਂ ਜ਼ਿਆਦਾ ਕਹਿਰ ਅਜਨਾਲਾ ਅਤੇ ਵੇਰਕਾ ਵਿਚ ਰਿਹਾ ਹੈ। ਦੁਖਦ ਪਹਿਲੂ ਇਹ ਵੀ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਨੇ ਡੇਂਗੂ ਦੇ ਖ਼ਾਤਮੇ ਲਈ ਈਮਾਨਦਾਰੀ ਨਾਲ ਕੰਮ ਨਹੀਂ ਕੀਤਾ। ਇਹੀ ਕਾਰਨ ਹੈ ਕਿ ਸਿਹਤ ਵਿਭਾਗ ਹਾਲੇ ਵੀ ਸ਼ਹਿਰੀ ਇਲਾਕਿਆਂ ਵਿਚ ਵੀ ਫੌਗਿੰਗ ਅਤੇ ਸਪ੍ਰੇਅ ਕਰਵਾਉਣ ਵਿਚ ਜੁਟਿਆ ਹੈ।