ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਬੀਬੀ ਜਗੀਰ ਕੌਰ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਪ੍ਰਧਾਨ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੇ ਬੀਬੀ ਜਗੀਰ ਕੌਰ (Bibi Jagir Kaur) ਨਾਂ ਜਦੋਂਕਿ ਵਿਰੋਧੀ ਧਿਰ ਨੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਦਾ ਨਾਂ ਪੇਸ਼ ਕੀਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ (General House) 'ਚ 143 ਮੈਂਬਰਾਂ ਨੇ ਚੋਣ ਲਈ ਵੋਟ ਕੀਤੀ। ਬੀਬੀ ਜਗੀਰ ਕੌਰ ਤੀਸਰੀ ਵਾਰ SGPC ਪ੍ਰਧਾਨ ਬਣੀ ਹੈ। ਇਸ ਤੋਂ ਪਹਿਲਾਂ ਪਹਿਲੀ ਵਾਰ 16 ਮਾਰਚ 1999 ਤੋਂ 30 ਨਵੰਬਰ 2000 ਤੇ ਦੂਸਰੀ ਵਾਰ 23 ਸਤੰਬਰ 2004 ਤੋਂ 23 ਨਵੰਬਰ 2005 ਤਕ ਪ੍ਰਧਾਨ ਰਹਿ ਚੁੱਕੇ ਹਨ। ਬੀਬੀ ਜਗੀਰ ਕੌਰ ਨੂੰ 143 'ਚੋਂ 122 ਵੋਟਾਂ ਹਾਸਲ ਹੋਈਆਂ ਤੇ ਉਹ ਪ੍ਰਧਾਨ ਚੁਣੇ ਗਏ। ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ 20 ਵੋਟਾਂ ਹਾਸਲ ਹੋਈਆਂ ਜਦੋਂਕਿ 1 ਵੋਟ ਰੱਦ ਹੋਈ ਹੈ।

ਸੀਨੀਅਰ ਮੀਤ ਪ੍ਰਧਾਨ : ਸੁਰਜੀਤ ਸਿੰਘ ਭਿੱਟੇਵੱਡ

ਜੂਨੀਅਰ ਮੀਤ ਪ੍ਰਧਾਨ : ਬਾਬਾ ਬੂਟਾ ਸਿੰਘ

ਜਨਰਲ ਸਕੱਤਰ ਐਡਵੋਕੇਟ : ਭਗਵੰਤ ਸਿੰਘ ਸਿਆਲਕਾ

ਅੰਤ੍ਰਿਗ ਮੈਂਬਰ

ਬਲਦੇਵ ਸਿੰਘ, ਸੰਤ ਚਰਨਜੀਤ ਸਿੰਘ, ਨਵਤੇਜ ਸਿੰਘ ਕਾਉਣੀ, ਸੁਖਵਿੰਦਰ ਸਿੰਘ ਟੌਹੜਾ, ਅਜਮੇਰ ਸਿੰਘ, ਦਰਸ਼ਨ ਸਿੰਘ, ਭੁਪਿੰਦਰ ਸਿੰਘ, ਹਰਭਜਨ ਸਿੰਘ ਤੇ ਮਲਕੀਤ ਕੌਰ। ਵਿਰੋਧੀ ਧਿਰ 'ਚੋਂ ਮਿੱਠੂ ਸਿੰਘ ਕਾਹਨੇਕੇ ਤੇ ਅਮਰੀਕ ਸਿੰਘ ਸ਼ਾਹਪੁਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇਜਾ ਸਿੰਘ ਸਮੁੰਦਰੀ ਹਾਲ (Teja Singh Samundari Hall) ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਜਨਰਲ ਹਾਊਸ ਵੱਲੋਂ ਕੀਤੀ ਗਈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 137 ਮੈਂਬਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪੁੱਜੇ।

ਗੁਰੂ ਸਾਹਿਬ ਦੇ ਚਰਨਾਂ 'ਚ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਅਰੰਭਤਾ ਦੀ ਪ੍ਰਵਾਨਗੀ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕੀਤੀ। ਇਕੱਤਰਤਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਭਾਈ ਗੋਬਿੰਦ ਸਿੰਘ ਲੌਂਗੋਵਾਲ ਬੀਬੀ ਜਗੀਰ ਕੌਰ ਆਦਿ ਸ਼ਾਮਲ ਹੋਏ।

Posted By: Seema Anand